
ਮੋਗਾ ਦੇ ਚੈਂਬਰ ਰੋਡ ਸਥਿਤ ਸੂਦ ਕੋਰੀਅਰ ਸਰਵਿਸ ਦੇ ਦਫ਼ਤਰ 'ਚ ਅੱਜ ਦੁਪਹਿਰ ਕਰੀਬ 12.30 ਵਜੇ ਇਕ ਪਾਰਸਲ ਖੋਲ੍ਹਣ ਵੇਲੇ ਧਮਾਕਾ ਹੋ ਗਿਆ.............
ਮੋਗਾ : ਮੋਗਾ ਦੇ ਚੈਂਬਰ ਰੋਡ ਸਥਿਤ ਸੂਦ ਕੋਰੀਅਰ ਸਰਵਿਸ ਦੇ ਦਫ਼ਤਰ 'ਚ ਅੱਜ ਦੁਪਹਿਰ ਕਰੀਬ 12.30 ਵਜੇ ਇਕ ਪਾਰਸਲ ਖੋਲ੍ਹਣ ਵੇਲੇ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਆਲੇ-ਦੁਆਲੇ ਦੇ ਲੋਕ ਭੱਜ ਕੇ ਆ ਗਏ । ਉਸ ਵੇਲੇ ਦੁਕਾਨ ਅੰਦਰ ਦੁਕਾਨ ਮਲਿਕ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਮੌਜੂਦ ਸੀ ਜਿਹੜਾ ਫ਼ੋਟੋ ਸਟੇਟ ਕਰਵਾਉਣ ਆਇਆ ਸੀ। ਦੋਵੇਂ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਏ। ਦੁਕਾਨ ਮਾਲਕ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਵਲੋਂ ਲੁਧਿਆਣਾ ਰੈਫ਼ਰ ਕਰ ਦਿਤਾ ਗਿਆ
ਜਦਕਿ ਦੂਜੇ ਵਿਅਕਤੀ ਦਾ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾਉਣ ਮਗਰੋਂ ਘਰ ਭੇਜ ਦਿਤਾ ਗਿਆ। ਹਾਦਸੇ ਦਾ ਪਤਾ ਚਲਦਿਆਂ ਹੀ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਐਮ.ਐਸ. ਛੀਨਾ, ਐਸਪੀ (ਐਚ) ਪ੍ਰਿਥੀਪਾਲ ਸਿੰਘ, ਡੀਐਸਪੀ ਸਿਟੀ ਕੇਸਰ ਸਿੰਘ, ਡੀਐਸਪੀ ਸਤਪਾਲ ਸਿੰਘ, ਥਾਣਾ ਸਾਉਥ ਦੇ ਮੁਖੀ ਜਤਿੰਦਰ ਸਿੰਘ, ਥਾਣਾ ਵਨ ਦੇ ਮੁਖੀ ਗੁਰਪ੍ਰੀਤ ਸਿੰਘ, ਸੀਆਈਏ ਮੁਖੀ ਕਿੱਕਰ ਸਿੰਘ ਅਤੇ ਹੋਰ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਵਲੋਂ ਕੋਰੀਅਰ ਦੀ ਦੁਕਾਨ ਦੇ ਸਾਹਮਣੇ ਇਕ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਉਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਜਿਹੜਾ ਇਹ ਪਾਰਸਲ ਕੋਰੀਅਰ ਕਰਵਾਉਣ ਆਇਆ ਸੀ। ਇਸ ਹਾਦਸੇ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਇਸ ਸਬੰਧੀ ਜਦੋਂ ਵਿਕਾਸ ਸੂਦ ਨੂੰ ਪੁਛਿਆ ਤਾਂ ਉਨ੍ਹਾਂ ਦਸਿਆ ਕਿ ਇਕ ਵਿਅਕਤੀ ਸੰਗਰੂਰ ਭੇਜਣ ਲਈ ਪਾਰਸਲ ਦੇਣ ਆਇਆ ਸੀ ਅਤੇ ਉਸ ਪਾਰਸਲ 'ਤੇ ਕੋਈ ਮੋਬਾਈਲ ਨੰਬਰ ਨਹੀਂ ਸੀ। ਜਦੋਂ ਇਸ ਸਬੰਧੀ ਵਿਅਕਤੀ ਨੂੰ ਪੁਛਿਆ ਤਾਂ ਉਸ ਨੇ ਦਸਿਆ ਕਿ ਉਸ ਨੂੰ ਕਿਸੇ ਨੇ ਭੇਜਿਆ ਹੈ ਤੇ ਜਦੋਂ ਉਸ ਦਾ ਵਜ਼ਨ ਕਰਵਾਉਣ ਲਈ ਮੈਂ ਬਾਹਰ ਜਾਣ ਲੱਗਾ ਤਾਂ ਉਸ 'ਚ ਬਲਾਸਟ ਹੋ ਗਿਆ।
ਮੌਕੇ 'ਤੇ ਪੁੱਜੇ ਆਈਜੀ ਐਮ.ਐਸ. ਛੀਨਾ ਨੇ ਦਸਿਆ ਕਿ ਮੋਗਾ ਦੇ ਵਿਕਾਸ ਸੂਦ ਦੇ ਆਫ਼ਿਸ 'ਚ ਕੋਈ ਵਿਅਕਤੀ ਇਕ ਪਾਰਸਲ ਕਰਵਾਉਣ ਲਈ ਆਇਆ ਸੀ ਅਤੇ ਉਸ ਨੇ ਦਸਿਆ ਕਿ ਇਸ ਵਿਚ ਕਪੜੇ ਹਨ ਤੇ ਇਸ ਦਾ ਵਜ਼ਨ ਤਿੰਨ ਕਿਲੋ ਹੈ। ਵਿਕਾਸ ਸੂਦ ਨੂੰ ਸ਼ੱਕ ਹੋਇਆ ਕਿ ਉਸ 'ਚ ਕੋਈ ਭਾਰੀ ਚੀਜ਼ ਹੈ ਅਤੇ ਜਦ ਉਹ ਉਸ ਨੂੰ ਵੇਖਣ ਲਈ ਖੋਲ੍ਹਣ ਲੱਗਾ ਤਾਂ ਉਹ ਫਟ ਗਿਆ। ਉਸ 'ਚ ਕੋਈ ਬੈਟਰੀ ਤੇ ਕਿੱਲ ਸੀ। ਇਹ ਕੋਰੀਅਰ ਸੰਗਰੂਰ ਭੇਜਣਾ ਸੀ ਤੇ ਕੋਈ ਸ਼ਾਹਕੋਟ ਦਾ ਪਤਾ ਦੱਸ ਕੇ ਦੇਣ ਲਈ ਆਇਆ ਸੀ। ਉਸ ਨੇ ਅਪਣਾ ਮੋਬਾਈਲ ਨੰਬਰ ਵੀ ਗ਼ਲਤ ਦਿਤਾ ਸੀ ਤੇ ਅਪਣਾ ਪਤਾ ਵੀ ਗ਼ਲਤ ਲਿਖਾਇਆ ਹੈ।
ਇਸ ਮਾਮਲੇ ਸਬੰਧੀ ਵਿਧਾਇਕ ਡਾ. ਹਰਜੋਤ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਪਿੱਛੇ ਜਿਨ੍ਹਾਂ ਦਾ ਵੀ ਹੱਥ ਹੈ, ਉਸ ਦਾ ਪਤਾ ਲਗਾਇਆ ਜਾਵੇ ਅਤੇ ਦੋਸ਼ੀਆਂ ਵਿਰੁਘ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੋਗਾ ਵਿਚ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ ਪੁਲਿਸ ਨੂੰ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ।