
ਇਰਾਕ ਦੇ ਅਨਬਾਰ ਸੂਬੇ ਦੇ ਕਵਾਈਮ ਜ਼ਿਲ੍ਹੇ ਵਿਚ ਇਕ ਸੁਰੱਖਿਆ ਨਾਕੇ 'ਤੇ ਅੱਜ ਸਵੇਰੇ ਇਕ ਆਤਮਘਾਤੀ ਕਾਰ ਬੰਬ ਧਮਾਕਾ ਹੋਇਆ...........
ਬਗਦਾਦ : ਇਰਾਕ ਦੇ ਅਨਬਾਰ ਸੂਬੇ ਦੇ ਕਵਾਈਮ ਜ਼ਿਲ੍ਹੇ ਵਿਚ ਇਕ ਸੁਰੱਖਿਆ ਨਾਕੇ 'ਤੇ ਅੱਜ ਸਵੇਰੇ ਇਕ ਆਤਮਘਾਤੀ ਕਾਰ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ 11 ਗ਼ੈਰ ਫ਼ੌਜੀ ਹਨ ਜਦਕਿ 5 ਸੁਰੱਖਿਆ ਕਰਮਚਾਰੀ ਹਨ। ਪੁਲਿਸ ਕਪਤਾਨ ਮਹਿਮੂਦ ਜਸੀਮ ਨੇ ਦਸਿਆ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9 ਵਜੇ ਇਹ ਹਮਲਾ ਹੋਇਆ।
ਅਧਿਕਾਰਕ ਸੂਤਰਾਂ ਨੇ ਦਸਿਆ ਕਿ ਇਸ ਸੁਰੱਖਿਆ ਨਾਕੇ ਦੀ ਜ਼ਿੰਮੇਵਾਰੀ ਫ਼ੌਜ ਅਤੇ ਸਰਕਾਰ ਸਮਰਥਕ ਸਥਾਨਕ ਮਿਲੀਸ਼ੀਆ ਨੂੰ ਦਿਤੀ ਗਈ ਸੀ। ਜਦੋਂ ਉਥੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਅਚਾਨਕ ਆਈ ਇਕ ਕਾਰ ਵਿਚ ਜ਼ੋਰਦਾਰ ਧਮਾਕਾ ਹੋਇਆ। ਇਹ ਕਸਬਾ ਬਗਦਾਦ ਤੋਂ ਕਰੀਬ 340 ਕਿਲੋਮੀਟਰ ਦੂਰ ਸੀਰੀਆ ਦੀ ਸੀਮਾ ਨੇੜੇ ਸਥਿਤ ਹੈ। ਇਹ ਇਲਾਕਾ ਇਸਲਾਮਿਕ ਸਟੇਟ ਤੋਂ ਮੁਕਤ ਕਰਵਾਏ ਗਏ ਇਰਾਕ ਦੇ ਆਖਰੀ ਸ਼ਹਿਰਾਂ ਵਿਚ ਸ਼ਾਮਲ ਹੈ। (ਪੀ.ਟੀ.ਆਈ)