ਵਾਰਡ-18 ਦੇ ਮੁਹੱਲੇ ਪੁਰਹੀਰਾਂ ਵਿਚ ਸ਼ੁੱਕਰਵਾਰ ਦੁਪਹਿਰ 12 ਵਜੇ ਸੱਤ ਮਰਲੇ ਜ਼ਮੀਨ ਅਤੇ ਜੱਦੀ ਘਰ ਦੀ ਮਾਲਕੀ ਹੱਕ ਲੈਣ ਲਈ ਵੱਡੇ ਭਰਾ ਰੋਸ਼ਨ...
ਹੁਸ਼ਿਆਰਪੁਰ (ਪੀਟੀਆਈ) : ਵਾਰਡ-18 ਦੇ ਮੁਹੱਲੇ ਪੁਰਹੀਰਾਂ ਵਿਚ ਸ਼ੁੱਕਰਵਾਰ ਦੁਪਹਿਰ 12 ਵਜੇ ਸੱਤ ਮਰਲੇ ਜ਼ਮੀਨ ਅਤੇ ਜੱਦੀ ਘਰ ਦੀ ਮਾਲਕੀ ਹੱਕ ਲੈਣ ਲਈ ਵੱਡੇ ਭਰਾ ਰੋਸ਼ਨ ਲਾਲ ਨੇ ਅਪਣੀ ਇਕਲੌਤੀ ਭੈਣ ਅਮਰਜੀਤ ਕੌਰ (45) ਦਾ ਤਲਵਾਰ ਨਾਲ ਕਤਲ ਕਰ ਦਿਤਾ। ਘਟਨਾ ਥਾਂ ‘ਤੇ ਡੁਲ੍ਹੇ ਖ਼ੂਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਤਿਲ ‘ਤੇ ਖ਼ੂਨ ਸਵਾਰ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਘੰਟੇ ਦੋਸ਼ੀ ਨੂੰ ਫੜ੍ਹਨ ਲਈ ਛਾਣਬੀਣ ਕੀਤੀ ਆਖਿਰ ਵਿਚ ਪੁਲਿਸ ਨੇ ਮੁਹੱਲੇ ਵਿਚੋਂ ਹੀ ਉਸ ਨੂੰ ਕਾਬੂ ਕਰ ਲਿਆ।
ਕਤਲ ‘ਚ ਇਸਤੇਮਾਲ ਕੀਤੀ ਗਈ ਤਲਵਾਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਥਾਣਾ ਮਾਡਲ ਟਾਊਨ ਦੇ ਐਸਐਚਓ ਭਰਤ ਮਸੀਹ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਜ਼ਮੀਨ ਨੂੰ ਲੈ ਕੇ ਭੈਣ-ਭਰਾ ਵਿਚ ਲੜਾਈ ਚੱਲ ਰਹੀ ਸੀ। ਦੋਸ਼ੀ ਦੇ ਛੋਟੇ ਭਰਾ ਕਮਲਜੀਤ ਦੇ ਬਿਆਨਾਂ ਦੇ ਆਧਾਰ ‘ਤੇ ਰੋਸ਼ਨ ਲਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ਨੂੰ ਸਮਝਾਇਆ ਸੀ ਜੇਕਰ ਮੰਨ ਜਾਂਦੇ ਤਾਂ ਅੱਜ ਇਹ ਦਿਨ ਨਾ ਵੇਖਣਾ ਪੈਂਦਾ।
ਮ੍ਰਿਤਕਾ ਅਮਰਜੀਤ ਕੌਰ (45) ਪਤੀ ਰਾਮ ਪਾਲ ਦੇ ਨਾਲ ਮੁਹੱਲੇ ਵਿਚ ਕਰੀਬ 300 ਘਰਾਂ ਵਿਚ ਕੇਬਲ ਦਾ ਕੰਮ ਕਰਦੀ ਸੀ। ਇਸ ਤੋਂ ਇਲਾਵਾ ਉਹ ਡੇਰੀ ਫ਼ਾਰਮ ਅਤੇ ਸ਼ਰਾਬ ਬਰਾਂਚ (ਮਿਨੀ ਠੇਕਾ) ਦਾ ਵੀ ਕੰਮ ਕਰਦੀ ਸੀ। ਮ੍ਰਿਤਕਾ ਦੇ 10 ਸਾਲ ਦਾ ਬੇਟੇ ਬੁਨਿਸ਼ ਕੁਮਾਰ ਬਾਵਾ ਬਜਵਾੜਾ ਦੇ ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਵਿਚ ਛੇਵੀਂ ਦਾ ਵਿਦਿਆਰਥੀ ਹੈ। ਸ਼ੁੱਕਰਵਾਰ ਨੂੰ ਜਦੋਂ ਉਹ ਸਕੂਲ ਤੋਂ ਘਰ ਵਾਪਸ ਪਹੁੰਚਿਆ ਤਾਂ ਖ਼ੂਨ ਵੇਖ ਕੇ ਬੋਲਿਆ, ਇਹ ਕੀ ਹੋਇਆ ਹੈ?
ਘਰਵਾਲਿਆਂ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸੱਟ ਲੱਗ ਗਈ ਹੈ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ। ਇਹ ਸੁਣਦੇ ਹੀ ਉਹ ਮੁਹੱਲੇ ਦੇ ਦੋਸਤਾਂ ਨਾਲ ਖੇਡਣ ਚਲਾ ਗਿਆ। ਬਾਅਦ ਵਿਚ ਉਸ ਨੂੰ ਪੂਰੀ ਘਟਨਾ ਬਾਰੇ ਪਤਾ ਲੱਗਿਆ। 10 ਸਾਲ ਦਾ ਬੁਨਿਸ਼ ਕਰਾਟੇ ਚੈਂਪੀਅਨ ਹੈ। ਦੋ ਸਾਲ ਪਹਿਲਾਂ ਗੋਆ ਵਿਚ ਹੋਈ ਚੈਂਪੀਅਨਸ਼ਿਪ ਵਿਚ ਉਸ ਨੇ ਗੋਲਡ ਜਿੱਤਿਆ ਸੀ। ਰੋਂਦੇ ਹੋਏ ਦੱਸਿਆ ਕਿ ਦੋ ਦਿਨ ਬਾਅਦ ਵੀ ਉਸ ਦਾ ਕਰਾਟੇ ਦਾ ਮੁਕਾਬਲਾ ਹੈ।
ਉਹ ਗੋਲਡ ਜਿੱਤ ਕੇ ਅਪਣੀ ਮਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਮਾਂ ਦਾ ਕਤਲ ਹੋ ਜਾਵੇਗਾ।