
ਕਾਨੂੰਨਾਂ ਦੀ ਸੋਧ ਦਾ ਮਤਾ ਪਾਸ ਕਰਨ ਨਾਲ ਕਿਸਾਨਾਂ ਤੇ ਸੰਘਰਸ਼ ਕਰ ਰਹੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਭਾਜਪਾ ਆਗੂਆਂ ਨੂੰ ਪੰਜਾਬ ਦੇ ਕਿਸਾਨਾਂ ਦਾ ਮਸਲਾ ਜਲਦੀ ਹੱਲ ਕਰਵਾਉਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰ ਤੱਕ ਤੁਰੰਤ ਪਹੁੰਚ ਕਰਨ ਦੀ ਅਪੀਲ ਕੀਤੀ ਹੈ।
Harchand Singh barsat
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿਚ ਜੋ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੀ ਸੋਧ ਦਾ ਮਤਾ ਪਾਸ ਕੀਤਾ ਹੈ, ਉਸ ਦਾ ਕਿਸਾਨਾਂ ਤੇ ਸੰਘਰਸ਼ ਕਰ ਰਹੇ ਲੋਕਾਂ ਨੂੰ ਕੋਈ ਫ਼ਾਇਦਾ ਹੋਣ ਵਾਲਾ ਨਹੀਂ ਹੈ।
Captain Amarinder Singh
ਵਿਧਾਨ ਸਭਾ ਦੇ ਇਸ ਮਤੇ ਤੋਂ ਬਾਅਦ ਭਾਵੇਂ ਗਵਰਨਰ ਪੰਜਾਬ ਜਾਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ, ਪਰ ਲੋਕਾਂ ਦੇ ਖ਼ੂਨ ਪਸੀਨੇ ਦੇ ਟੈਕਸਾਂ ਦਾ ਪੈਸਾ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਪਬਲਿਸਿਟੀ ਲਈ ਪੂਰੇ ਪੰਜਾਬ ਵਿਚ ਹੋਰਡਿੰਗ ਅਖ਼ਬਾਰ ਵਿਚ ਇਸ਼ਤਿਹਾਰ ਆਦਿ ਰਾਹੀਂ ਕਿਸਾਨਾਂ ਦਾ ਰਾਖਾ ਅਖਵਾਉਣ ਲਈ ਪੰਜਾਬੀਆਂ ਨੂੰ ਗੁਮਰਾਹ ਕਰਨ ਦਾ ਨਾ ਕਾਮਯਾਬ ਹੋਣ ਵਾਲਾ ਯਤਨ ਕੀਤਾ ਹੈ।
PM Modi
ਇਸੇ ਤਰਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਸਮੇਂ ਸਮੇਂ ਸਿਆਸੀ ਸਟੰਟ ਮਾਰ ਕੇ ਪੰਜਾਬੀਆਂ ਨੂੰ ਗੁਮਰਾਹ ਕਰਨ ਦਾ ਨਾ ਕਾਮਯਾਬ ਯਤਨ ਕਰਦੇ ਰਹੇ ਹਨ। ਜੇਕਰ ਸਹੀ ਰੂਪ ਵਿਚ ਪੰਜਾਬੀਆਂ ਦੇ ਹਮਾਇਤੀ ਹਨ ਤਾਂ ਸੜਕਾਂ, ਰੇਲ ਪਟੜੀਆਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪੰਜਾਬ ਦੀ ਜਵਾਨੀ ਵੱਲ ਧਿਆਨ ਦੇਣ ਅਤੇ ਅੱਜ 33ਵੇਂ ਦਿਨ ਵੀ ਗੱਲਬਾਤ ਨਾ ਕਰਨਾ ਸੰਵੇਦਨਹੀਣਤਾ ਦੀ ਨਿਸ਼ਾਨੀ ਹੈ।
Farmers Protest
ਹਰਚੰਦ ਸਿੰਘ ਬਰਸਟ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਭਾਜਪਾ ਦੇ ਆਗੂਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੁਰੰਤ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਤੱਕ ਪਹੁੰਚ ਕਰਕੇ ਪੰਜਾਬੀਆਂ ਦਾ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ।