
ਐਬਟਸਫ਼ੋਰਡ ਦੇ ਪੰਜਾਬੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤੇ ਸੈਂਕੜੇ ਘਰ ਹੜ੍ਹ 'ਚ ਡੁੱਬੇ
ਕੋਟਕਪੂਰਾ, 26 ਨਵੰਬਰ (ਗੁਰਿੰਦਰ ਸਿੰਘ): ਐਬਟਸਫ਼ੋਰਡ ਬਿ੍ਟਿਸ਼ ਕੋਲੰਬੀਆ (ਕੈਨੇਡਾ) ਵਿਖੇ ਆਈ ਹੜ੍ਹ ਦੀ ਕਰੋਪੀ ਨੇ ਜਿਥੇ ਪੰਜਾਬੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਕਰ ਦਿਤੀ, ਸੈਂਕੜੇ ਘਰ ਡੁੱਬ ਗਏ, ਹੜ੍ਹਾਂ ਦੇ 11ਵੇਂ ਦਿਨ ਵੀ ਟਰੱਕ, ਟਰੈਕਟਰ, ਕਾਰਾਂ, ਮਸ਼ੀਨਾਂ, ਹਾਰਵੈਸਟਰ, ਖੇਤੀ ਸੰਦ ਅਤੇ ਹੋਰ ਵਾਹਨ ਪਾਣੀ ਦੀ ਮਾਰ 'ਚ ਹਨ | ਰਾਤੋ ਰਾਤ ਘਰੋਂ ਬੇਘਰ ਹੋਣ ਦੇ ਨਾਲ-ਨਾਲ ਪੰਜਾਬੀ ਕਿਸਾਨ ਲੱਖਾਂ ਤੋਂ ਕੱਖਾਂ ਦੇ ਹੋ ਗਏ ਪਰ ਉਨ੍ਹਾਂ ਨੂੰ ਦੁਖ ਇਸ ਗੱਲ ਦਾ ਹੈ ਕਿ ਕਿਸੇ ਵੀ ਪੰਜਾਬੀ ਐਮ.ਪੀ., ਵਿਧਾਇਕ ਜਾਂ ਸਿੱਖ ਸੰਸਥਾ ਅਤੇ ਪੰਥਕ ਜਥੇਬੰਦੀ ਨੇ ਉਨ੍ਹਾਂ ਦੀ ਸਾਰ ਤਾਂ ਕੀ ਲੈਣੀ ਸੀ, ਉਨ੍ਹਾਂ ਬਾਰੇ ਹਾਅ ਦਾ ਨਾਹਰਾ ਮਾਰਨ ਦੀ ਵੀ ਜ਼ਰੂਰਤ ਨਹੀਂ ਸਮਝੀ |
ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਪੰਜਾਬੀ ਕਿਸਾਨਾਂ ਨੇ ਦਸਿਆ ਕਿ ਬੈਂਕਾਂ ਤੋਂ ਕਰਜ਼ਾ ਲੈ ਕੇ ਟਰੱਕ, ਟਰੈਕਟਰ, ਖੇਤੀ ਦੇ ਸੰਦ ਜਾਂ ਘਰ ਬਣਾਉਣ ਵਾਲੇ ਪੰਜਾਬੀਆਂ ਨੂੰ ਖ਼ਾਲੀ ਹੱਥ ਸਿਰਫ਼ ਜਾਨਾ ਬਚਾਅ ਕੇ ਨਿਕਲਣਾ ਪਿਆ, ਹੁਣ ਰਿਸ਼ਤੇਦਾਰਾਂ ਕੋਲ ਜਾਂ ਕਿਰਾਏ ਦੇ ਮਕਾਨਾਂ ਵਿਚ ਰਹਿਣ ਲਈ ਮਜਬੂਰ ਹਨ ਕਿਉਂਕਿ ਅੱਜ 11ਵੇਂ ਦਿਨ ਵੀ ਵਾਹਨਾਂ ਅਤੇ ਫ਼ਸਲਾਂ ਸਮੇਤ ਸਾਰਿਆਂ ਦੇ ਘਰ ਪਾਣੀ ਵਿਚ ਡੁੱਬੇ ਹੋਏ ਹਨ | ਇਕ ਅੰਦਾਜ਼ੇ ਮੁਤਾਬਕ ਪੰਜਾਬੀਆਂ ਦਾ ਕਰੋੜਾਂ ਡਾਲਰਾਂ ਦਾ ਨੁਕਸਾਨ ਹੋ ਗਿਐ, ਕਾਰੋਬਾਰ ਰੁਕ ਗਿਐ ਅਤੇ ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਟੁੱਟ ਗਈਆਂ | ਪੰਜਾਬੀ ਕਿਸਾਨ ਅਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ |
ਕਈ ਕਿਸਾਨ ਮੀਡੀਏ ਨਾਲ ਗੱਲਬਾਤ ਕਰਦੇ ਭਾਵੁਕ ਵੀ ਹੋ ਗਏ ਕਿਉਂਕਿ ਕਿਸਾਨੀ ਅੰਦੋਲਨ, ਕੋਵਿਡ ਜਾਂ ਕਿਸੇ ਵੀ ਸੰਘਰਸ਼ ਜਾਂ ਕਰੋਪੀ ਮੌਕੇ ਪੰਜਾਬੀਆਂ ਦੀ ਬਾਂਹ ਫੜਨ ਵਾਲੇ ਪ੍ਰਵਾਸੀਆਂ ਦੇ ਹੱਕ ਵਿਚ ਹਾਅ ਦਾ ਨਾਹਰਾ ਨਾ ਵਜਣਾ ਅਤੇ ਉਨ੍ਹਾਂ ਦੀ ਸਾਰ ਲੈਣ ਲਈ ਕਿਸੇ ਵਲੋਂ ਨਾ ਪੁੱਜਣਾ, ਉਨ੍ਹਾਂ ਨੂੰ ਨਿਰਾਸ਼ ਕਰ ਕੇ ਰੱਖ ਗਿਆ | ਉਕਤ ਪੰਜਾਬੀਆਂ ਨੇ ਗੁਰਦਵਾਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸਹਿਜ ਪਾਠ ਆਰੰਭ ਕਰਵਾਇਆ ਹੈ ਜਿਸ ਦਾ ਭੋਗ 4 ਦਸੰਬਰ ਦਿਨ ਸਨਿਚਰਵਾਰ ਨੂੰ ਸਵੇਰੇ 10:00 ਵਜੇ ਪਾ ਕੇ ਵੱਡਾ ਇਕੱਠ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਹੜ੍ਹਾਂ ਦਾ ਪਾਣੀ ਨਿਕਲਣ ਤੋਂ ਬਾਅਦ ਵੀ ਨੁਕਸਾਨ ਦੀ ਭਰਪਾਈ ਕਰਨੀ ਔਖੀ ਜਾਪਦੀ ਹੈ |
ਫੋਟੋ :- ਕੇ.ਕੇ.ਪੀ.-ਗੁਰਿੰਦਰ-26-3ਸੀ
ਕੈਪਸ਼ਨ : ਐਬਟਸਫ਼ੋਰਡ ਬਿ੍ਟਿਸ਼ ਕੋਲੰਬੀਆ (ਕੈਨੇਡਾ) ਵਿਖੇ ਆਈ ਹੜ੍ਹਾਂ ਦੀ ਕਰੋਪੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ |