
ਪੁਲਿਸ ਨੇ ਕੋਰੀਓਗ੍ਰਾਫਰ ਰਜਨੀਸ਼ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
Punjab News: ਮੁਹਾਲੀ ਦੇ ਖਰੜ 'ਚ ਦੋ ਲੁਟੇਰਿਆਂ ਘਰ 'ਚ ਦਾਖਲ ਹੋ ਕੇ ਇਕੱਲੀ ਬਜ਼ੁਰਗ ਔਰਤ ਦੇ ਹੱਥ-ਮੂੰਹ ਬੰਨ੍ਹ ਕੇ ਘਰ 'ਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਬਜ਼ੁਰਗ ਔਰਤ ਦਾ ਬੇਟਾ ਕੋਰੀਓਗ੍ਰਾਫਰ ਹੈ।
ਇਹ ਘਟਨਾ ਸੋਮਵਾਰ ਰਾਤ ਕਰੀਬ 9.15 ਵਜੇ ਸ਼ਿਵਜੋਤ ਇਨਕਲੇਵ ਦੇ ਗੇਟ ਨੰਬਰ 3 ਨੇੜੇ ਫਲੈਟ ਨੰਬਰ 39 ਦੀ ਉਪਰਲੀ ਮੰਜ਼ਿਲ 'ਤੇ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ ਘਰ 'ਚੋਂ ਕਰੀਬ 25 ਤੋਲੇ ਸੋਨੇ ਦੇ ਗਹਿਣੇ ਅਤੇ ਪੰਜ ਲੱਖ ਰੁਪਏ ਨਕਦੀ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਕੋਰੀਓਗ੍ਰਾਫਰ ਰਜਨੀਸ਼ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਸ਼ਿਵਜੋਤ ਐਨਕਲੇਵ ਦੀ ਸੰਘਣੀ ਆਬਾਦੀ ਵਿਚ ਵਾਪਰੀ ਇਸ ਘਟਨਾ ਕਾਰਨ ਉਥੇ ਰਹਿਣ ਵਾਲੇ ਲੋਕ ਬੇਹੱਦ ਡਰੇ ਹੋਏ ਹਨ। ਖਰੜ ਦੇ ਡੀਐਸਪੀ ਕਰਨ ਸਿੰਘ ਸੰਧੂ, ਸਿਟੀ ਪੁਲੀਸ ਦੇ ਐਸਐਚਓ ਮਨਦੀਪ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਨੇ ਮੰਗਲਵਾਰ ਦੇਰ ਸ਼ਾਮ ਮੌਕੇ ਦਾ ਮੁਆਇਨਾ ਕੀਤਾ। ਸੂਚਨਾ ਤੋਂ ਬਾਅਦ ਰਜਨੀਸ਼ ਦੀ ਪਤਨੀ ਵੀ ਉਥੇ ਪਹੁੰਚ ਗਈ ਜਦਕਿ ਰਜਨੀਸ਼ ਨੇ ਅਪਣੀ ਬਜ਼ੁਰਗ ਮਾਂ ਨੂੰ ਹੁਸ਼ਿਆਰਪੁਰ ਭੇਜ ਦਿਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਜਿਸ ਤਰੀਕੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ, ਉਸ ਤੋਂ ਲੱਗਦਾ ਹੈ ਕਿ ਲੁਟੇਰੇ ਪਰਿਵਾਰ ਦੇ ਭੇਤੀ ਸਨ। ਉਨ੍ਹਾਂ ਨੇ ਰਜਨੀਸ਼ ਦੇ ਜਾਣ ਤੋਂ 5 ਮਿੰਟ ਬਾਅਦ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਦੀ ਮਾਂ ਨੂੰ ਰਜਨੀਸ਼ ਦਾ ਜਾਣਕਾਰ ਦੱਸ ਕੇ ਦਰਵਾਜ਼ਾ ਖੁੱਲ੍ਹਵਾਇਆ। ਸ਼ਿਵਜੋਤ ਇਨਕਲੇਵ ਵਿਚ ਜਿਥੇ ਲੁੱਟ ਦੀ ਵਾਰਦਾਤ ਹੋਈ ਹੈ, ਉਹ ਇਲਾਕਾ ਕਾਫੀ ਭੀੜ ਵਾਲਾ ਹੈ। ਇਸ ਤੋਂ ਇਲਾਵਾ ਕਲੋਨੀ ਵਿਚ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਹਨ। ਫਿਰ ਵੀ ਇਲਾਕੇ ਵਿਚ ਅਜਿਹੀ ਵੱਡੀ ਘਟਨਾ ਕਲੋਨੀ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।