
ਹੋਟਲ ਦੇ ਸਟਾਫ਼ ਨੇ ਉਲਟਾ ਸਾਥੀ ਖਿਡਾਰੀਆਂ ’ਤੇ ਹੀ ਸ਼ੱਕ ਪ੍ਰਗਟਾਇਆ
Punjabi Chess Player burgled : ਸ਼ਤਰੰਜ ਦੇ 20 ਸਾਲ ਦੇ ਕੌਮਾਂਤਰੀ ਮਾਸਟਰ (ਆਈ.ਐਮ.) ਦੁਸ਼ਯੰਤ ਸ਼ਰਮਾ ਅਤੇ ਕਈ ਹੋਰ ਭਾਰਤੀ ਖਿਡਾਰੀਆਂ ਨੂੰ ਸਪੇਨ ਵਿਚ ਸਨਵੇ ਸਿਟਗੇਸ ਸ਼ਤਰੰਜ ਟੂਰਨਾਮੈਂਟ ਵਿਚ ਹਿੱਸਾ ਲੈਂਦੇ ਸਮੇਂ ਚੋਰੀ ਕਾਰਨ ਵੱਡਾ ਨੁਕਸਾਨ ਝੱਲਣਾ ਪਿਆ ਹੈ। ਪੰਜਾਬ ਦੇ ਜਲੰਧਰ ਸ਼ਹਿਰ ਵਾਸੀ ਦੁਸ਼ਯੰਤ ਸ਼ਰਮਾ ਦਾ ਲੈਪਟਾਪ ਚੋਰੀ ਹੋ ਗਿਆ, ਜਿਸ ਵਿਚ ਸ਼ਤਰੰਜ ਦੀ ਖੇਡ ਦੀਆਂ ਕਈ ਸ਼ੁਰੂਆਤੀ ਚਾਲਾਂ ਦਾ ਵਿਸ਼ਲੇਸ਼ਣ ਸੀ ਜੋ ਉਸ ਨੇ 10 ਸਾਲਾਂ ਦੀ ਮਿਹਨਤ ਦੌਰਾਨ ਇਕੱਠਾ ਕੀਤਾ ਸੀ। ਦੁਸ਼ਿਅੰਤ ਕੋਲ ਇਸ ਦਾ ਕੋਈ ਬਦਲ ਵੀ ਨਹੀਂ ਹੈ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ, 400 ਯੂਰੋ, ਜੈਕੇਟ ਅਤੇ ਇਕ ਲੈਪਟਾਪ ਬੈਗ ਸੀ। ਉਸ ਦਾ ਪਾਸਪੋਰਟ ਗੁੰਮ ਹੋਣ ਕਾਰਨ ਉਸ ਦੀ ਹੋਰ ਯੂਰਪੀਅਨ ਸ਼ਤਰੰਜ ਟੂਰਨਾਮੈਂਟਾਂ ’ਚ ਹਿੱਸਾ ਲੈਣ ਦੀ ਯੋਗਤਾ ’ਚ ਵੀ ਰੇੜਕਾਂ ਪੈਦਾ ਹੋ ਗਿਆ ਹੈ।
ਇਹ ਚੋਰੀਆਂ ਲਗਾਤਾਰ ਤਿੰਨ ਦਿਨਾਂ ’ਚ ਤਿੰਨ ਵੱਖ-ਵੱਖ ਘਟਨਾਵਾਂ ’ਚ ਵਾਪਰੀਆਂ। ਹਾਲਾਂਕਿ ਹੋਰਨਾਂ ਖਿਡਾਰੀਆਂ ਦੇ ਪਾਸਪੋਰਟ ਬਚ ਗਏ। ਇਹ ਚੋਰੀਆਂ ਸਨਵੇ ਹੋਟਲ ਨਾਲ ਸਬੰਧਤ ਅਪਾਰਟਮੈਂਟਾਂ ’ਚ ਹੋਈਆਂ, ਜੋ ਖਿਡਾਰੀਆਂ ਲਈ ਅਧਿਕਾਰਤ ਤੌਰ ’ਤੇ ਮਨਜ਼ੂਰਸ਼ੁਦਾ ਰਿਹਾਇਸ਼ ਸਨ। ਸ਼ੁਰੂਆਤੀ ਲੁੱਟ ਤੋਂ ਬਾਅਦ ਖਿਡਾਰੀਆਂ ਵਲੋਂ ਸਾਵਧਾਨੀ ਵਧਣ ਦੇ ਬਾਵਜੂਦ ਦੋ ਹੋਰ ਕਮਰਿਆਂ ਵਿਚ ਚੋਰੀਆਂ ਹੋਈਆਂ। ਨਤੀਜੇ ਵਜੋਂ, ਬਹੁਤ ਸਾਰੇ ਭਾਰਤੀ ਖਿਡਾਰੀਆਂ ਨੇ ਬਾਰਸੀਲੋਨਾ ਦੇ ਹੋਟਲਾਂ ’ਚ ਜਾਣ ਦਾ ਫੈਸਲਾ ਕੀਤਾ।
ਦੁਸ਼ਯੰਤ ਨੇ ਦਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਨਵੇ ਹੋਟਲ ’ਚ ਅਜਿਹੀਆਂ ਚੋਰੀਆਂ ਹੋਈਆਂ ਹਨ। ਖਿਡਾਰੀਆਂ ਨੂੰ ਪੁਲਿਸ ਸਟੇਸ਼ਨ ’ਚ ਭਾਸ਼ਾ ਦੀਆਂ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ, ਅਤੇ ਅਨੁਵਾਦ ਦੇ ਮੁੱਦਿਆਂ ਕਾਰਨ ਸ਼ੁਰੂਆਤੀ ਐਫ.ਆਈ.ਆਰ. ’ਚ ਗਲਤੀਆਂ ਰਹਿ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਭਾਰਤੀ ਸਫ਼ਾਰਤਖ਼ਾਨੇ ਤੋਂ ਡੁਪਲੀਕੇਟ ਯਾਤਰਾ ਕਾਗਜ਼ ਪ੍ਰਾਪਤ ਕਰਨ ’ਚ ਮੁਸ਼ਕਲ ਪੇਸ਼ ਆਈ। ਐਫ਼.ਆਈ.ਆਰ. ’ਚ ਚੋਰੀ ਦੀ ਮਿਤੀ ਗ਼ਲਤ ਲਿਖੀ ਗਈ ਸੀ ਜੋ ਅਨੁਵਾਦ ਤੋਂ ਬਾਅਦ ਹੀ ਦਰੁਸਤ ਹੋ ਸਕੀ। ਚੋਰਾਂ ਵਲੋਂ ਦਾਖਲ ਹੋਣ ਦਾ ਤਰੀਕਾ ਅਜੇ ਵੀ ਅਣਜਾਣ ਹੈ ਕਿਉਂਕਿ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਸਨ।
ਇਹ ਨਹੀਂ, ਜ਼ਖ਼ਮਾਂ ’ਤੇ ਨਮਕ ਛਿੜਕਦਿਆਂ ਹੋਟਲ ਅਧਿਕਾਰੀਆਂ ਅਤੇ ਟੂਰਨਾਮੈਂਟ ਪ੍ਰਬੰਧਕਾਂ ਨੇ ਅਸਿੱਧੇ ਤੌਰ ’ਤੇ ਕਹਿ ਦਿਤਾ ਕਿ ਭਾਰਤੀ ਖਿਡਾਰੀ ਖੁਦ ਚੋਰੀਆਂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਹਾਲਾਂਕਿ, ਹੋਰ ਖਿਡਾਰੀਆਂ ਦੇ ਕਮਰਿਆਂ ਦੀ ਤਲਾਸ਼ੀ ਨਹੀਂ ਲਈ ਗਈ। ਟੂਰਨਾਮੈਂਟ ਨੂੰ ਕੌਮਾਂਤਰੀ ਸ਼ਤਰੰਜ ਫੈਡਰੇਸ਼ਨ (ਐਫ਼.ਆਈ.ਡੀ.ਈ.) ਵਲੋਂ ਅਧਿਕਾਰਤ ਕੀਤਾ ਗਿਆ ਹੈ, ਪਰ ਫਿਡੇ ਨੇ ਸਪੇਨ ’ਚ ਖਿਡਾਰੀਆਂ ਦੀਆਂ ਅਧਿਕਾਰਤ ਰਿਹਾਇਸ਼ਾਂ ’ਚ ਹੋਈਆਂ ਚੋਰੀਆਂ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ। ਇਸ ਦੇ ਉਲਟ, ਫਿਡੇ ਦੇ ਪ੍ਰਧਾਨ ਅਰਕਾਡੀ ਡਵੋਰਕੋਵਿਚ ਨੇ ਮਾਰਚ-ਅਪ੍ਰੈਲ 2023 ’ਚ ਦਿੱਲੀ, ਭਾਰਤ ’ਚ ਆਯੋਜਿਤ ਮਹਿਲਾ ਗ੍ਰੈਂਡ ਪ੍ਰੀ ਟੂਰਨਾਮੈਂਟ ਦੌਰਾਨ ਸਥਾਨਕ ਪ੍ਰਬੰਧਕਾਂ ਵਲੋਂ ਕੀਤੀਆਂ ਗਲਤੀਆਂ ਲਈ 11 ਖਿਡਾਰੀਆਂ ਤੋਂ ਮੁਆਫੀ ਮੰਗੀ।
(For more Punjabi news apart from Punjabi Chess Player burgled, stay tuned to Rozana Spokesman)