
ਟਰਾਂਸਪੋਰਟ ਵਿਭਾਗ ਨੇ ਧੋਖਾਧੜੀ ਕਰਨ ਵਾਲੇ 3 ਆਟੋ ਡੀਲਰਾਂ ਦੇ ਪੋਰਟਲ ਕੀਤੇ ਸੀਲ
ਚੰਡੀਗੜ੍ਹ: ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਸਖ਼ਤੀ ਨਾਲ ਨੱਥ ਪਾਉਂਦਿਆਂ ਟਰਾਂਸਪੋਰਟ ਵਿਭਾਗ ਨੇ ਧੋਖਾਧੜੀ ਕਰਨ ਵਾਲੇ ਤਿੰਨ ਆਟੋ ਡੀਲਰਾਂ ਕੋਲੋਂ 55.74 ਲੱਖ ਰੁਪਏ ਦੀ ਰਿਕਵਰੀ ਕਰਦਿਆਂ ਉਨ੍ਹਾਂ ਦੇ ਪੋਰਟਲ ਸੀਲ ਕਰਨ ਦਾ ਫ਼ੈਸਲਾ ਕੀਤਾ ਹੈ। ਟਰਾਂਸਪੋਰਟ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਖੁਲਾਸਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁਧ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਟਰਾਂਸਪੋਰਟ ਮੰਤਰੀ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਅੰਮ੍ਰਿਤਸਰ ਦੇ 3 ਆਟੋ ਡੀਲਰਾਂ ਵਲੋਂ ਵਾਹਨ ਵੇਚਣ ਸਮੇਂ ਖਰੀਦਦਾਰ ਤੋਂ ਕੀਮਤ 'ਤੇ ਪੂਰਾ ਟੈਕਸ ਵਸੂਲ ਕੇ ਸਰਕਾਰੀ ਖ਼ਜ਼ਾਨੇ ਵਿਚ ਸਿਰਫ਼ ਅੱਧੀ ਕੀਮਤ ਦਾ ਬਣਦਾ ਟੈਕਸ ਭਰ ਕੇ ਟਰਾਂਸਪੋਰਟ ਵਿਭਾਗ ਨਾਲ ਧੋਖਾ ਕੀਤਾ ਜਾ ਰਿਹਾ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ।
ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੋਵਲਟੀ ਹੌਂਡਈ, ਆਰੀਅਨ ਹੌਂਡਈ ਅਤੇ ਪੀ.ਐਨ.ਆਰ. ਮੋਟਰਜ਼ ਨਾਮੀ 3 ਡੀਲਰਾਂ ਤੋਂ 55,74,223 (55.74 ਲੱਖ) ਰੁਪਏ ਦੀ ਰਿਕਵਰੀ ਕਰਦਿਆਂ ਇਨ੍ਹਾਂ ਦੇ ਪੋਰਟਲ ਸੀਲ ਕਰ ਦਿਤੇ ਹਨ। ਟਰਾਂਸਪੋਰਟ ਮੰਤਰੀ ਨੇ ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ 55.74 ਲੱਖ ਰੁਪਏ ਦੀ ਕੀਤੀ ਰਿਕਵਰੀ ਵਿਚੋਂ ਨੋਵਲਟੀ ਹੌਂਡਈ ਕੋਲੋਂ 11,85,154 ਰੁਪਏ, ਆਰੀਅਨ ਹੌਂਡਾ ਕੋਲੋਂ 6,43,780 ਰੁਪਏ
ਅਤੇ ਪੀ.ਐਨ.ਆਰ. ਮੋਟਰਜ਼ ਕੋਲੋਂ 37,45,289 ਰੁਪਏ ਰਿਕਵਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਏਜੰਸੀ ਦੀ 5 ਸਾਲ ਆਡਿਟ ਕਰਨ ਦੀ ਯੋਜਨਾ ਕਾਰਵਾਈ ਅਧੀਨ ਹੈ। ਟਰਾਂਸਪੋਰਟ ਮੰਤਰੀ ਸ਼੍ਰੀਮਤੀ ਚੌਧਰੀ ਨੇ ਅੱਗੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਸ਼੍ਰੀ ਦਿਲਰਾਜ ਸਿੰਘ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਤਾਂ ਜੋ ਇਸ ਮਾਮਲੇ ਦੀ ਜੜ੍ਹ ਤੱਕ ਜਾ ਕੇ ਇਸ ਧੰਦੇ ਵਿਚ ਸ਼ਾਮਲ ਹੋਰਨਾਂ ਨੂੰ ਕਾਬੂ ਕੀਤਾ ਜਾ ਸਕੇ।
ਉਨ੍ਹਾਂ ਅਪਣੀ ਸਰਕਾਰ ਦੀ ਦ੍ਰਿੜਤਾ ਦੁਹਰਾਉਂਦਿਆਂ ਕਿਹਾ ਕਿ ਇਮਾਨਦਾਰੀ ਨੂੰ ਕਾਇਮ ਰੱਖਣਾ ਸਰਕਾਰ ਦੀ ਵਚਨਬੱਧਤਾ ਹੈ ਅਤੇ ਅਜਿਹੇ ਗਲਤ ਕੰਮਾਂ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁਧ ਸਖ਼ਤੀ ਨਾਲ ਨਜਿੱਠਣ ਲਈ ਹਮੇਸ਼ਾ ਹੀ ਤਤਪਰ ਰਹੇਗੀ।