
ਦਿੱਲੀ ਗੁਰਦੁਆਰਾ ਕਮੇਟੀ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਆਕਸੀਜ਼ਨ ਕੰਸੈਂਟ੍ਰੇਟਰ ਪੰਜਾਬੀਆਂ ਲਈ ਦੇਣ ’ਤੇ ਕੀਤਾ ਧੰਨਵਾਦ
ਫਾਜ਼ਿਲਕਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਮਾਜ ਸੇਵੀ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਵਿਚ ਲੋਕਾਂ ਨੂੰ ਆਕਸੀਜ਼ਨ ਕੰਸੈਂਟ੍ਰੇਟਰ ਉਪਲਬਧ ਕਰਵਾਉਣ ਲਈ ਅੱਗੇ ਆ ਕੇ ਕੰਮ ਕਰਨ ਅਤੇ ਉਹਨਾਂ ਨੇ ਮਦਦ ਲਈ ਕਾਂਗਰਸੀ ਨੇਤਾਵਾਂ ਵੱਲੋਂ ਵੀ ਕੀਤੀ ਗਈ ਪੇਸ਼ਕਸ਼ ਠੁਕਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜ਼ੋਰਦਾਰ ਨਿਖੇਧੀ ਕੀਤੀ।
Sukhbir Badal
ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਅਸ਼ਵਨੀ ਸੇਖੜੀ ਦੀ ਅਗਵਾਈ ਵਾਲੀ ਕਨਫੈਡਰੇਸ਼ਨ ਆਫ ਕਾਲਜਿਜ਼ ਐਂਡ ਸਕੂਲਜ਼ ਵੱਲੋਂ ਹਜ਼ਾਰਾਂ ਆਕਸੀਜ਼ਨ ਕੰਸੈਂਟ੍ਰੇਟਰ ਦੇਣ ਤੇ ਆਪਣੇ ਨਰਸਿੰਗ ਕਾਲਜਾਂ ਵਿਚ ਕੋਰੋਨਾ ਕੇਅਰ ਸੈਂਟਰ ਬਣਾਉਣ ਲਈ 15 ਦਿਨ ਪਹਿਲਾਂ ਕੀਤੀ ਗਈ ਪੇਸ਼ਕਸ਼ ਬਾਰੇ ਕੋਈ ਹੁੰਗਾਰਾ ਨਹੀਂ ਭਰਿਆ।
Sukhbir Badal
ਇਥੇ ਅਤੇ ਜਲਾਲਾਬਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਕਸੀਜ਼ਨ ਸੇਵਾ ਪਹਿਲਕਦਮੀ ਸ਼ੁਰੂ ਕਰਨ ਵਿਚ ਸਫਲ ਰਿਹਾ ਹੈ ਤੇ ਇਸ ਤਹਿਤ ਪਿਛਲੇ ਇਕ ਹਫਤੇ ਤੋਂ ਪੰਦਰਾਂ ਹਲਕਿਆਂ ਵਿਚ ਆਕਸੀਜ਼ਨ ਕੰਸੈਂਟ੍ਰੇਟਰਾਂ ਨਾਲ ਮੁਫਤ ਆਕਸੀਜ਼ਨ ਪ੍ਰਦਾਨ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਸਾਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਗੈਰ ਸਰਕਾਰੀ ਸਮਾਜ ਸੇਵੀ ਸੰਗਠਨਾਂ ਨੇ ਇਸ ਕੰਮ ਵਿਚ ਸਾਡੀ ਮਦਦ ਕੀਤੀ ਹੈ। ਅਸੀਂ ਇਸ ਲਈ ਉਹਨਾਂ ਦੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਹਾਲੇ ਹੋਰ ਬਹੁਤ ਕੁਝ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰੇ ਸੂਬੇ ਨੁੰ ਕਵਰ ਕਰਨ ਦੀ ਜ਼ਰੂਰਤ ਹੈ ਤੇ ਕੋਰੋਨਾ ਮਰੀਜ਼ਾਂ ਨੂੰ ਉਹਨਾਂ ਦੇ ਦਰਾਂ ’ਤੇ ਆਕਸੀਜ਼ਨ ਕੰਸੈਂਟ੍ਰੇਟਰ ਦੇਣ ਦੀ ਜ਼ਰੂਰਤ ਹੈ ਕਿਉਂਕਿ ਉਹ ਸਰਕਾਰੀ ਹਸਪਤਾਲਾਂ ਤੋਂ ਡਰਦੇ ਹਨ ਜਿਥੇ ਢੁਕਵੀਂਆਂ ਸਿਹਤ ਸੰਭਾਲ ਸਹੂਲਤਾਂ ਨਹੀਂ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਮੈਂ ਸੂਬੇ ਭਰ ਦੇ ਸਮਾਜ ਸੇਵੀ ਸੰਗਠਨਾਂ ਤੇ ਐਨ ਜੀ ਓਜ਼ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਤੇ ਲੋੜਵੰਦ ਮਰੀਜ਼ਾਂ ਨੂੰ ਆਕਸੀਜ਼ਨ ਕੰਸੈਂਟ੍ਰੇਟਰ ਪ੍ਰਦਾਨ ਕਰਨ।
Sukhbir Badal
ਉਹਨਾਂ ਨੇ ਇਥੇ ਅਤੇ ਜਲਾਲਾਬਾਦ ਵਿਚ ਆਕਸੀਜ਼ਨ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਪਾਰਟੀ ਨੇ ਲੋੜਵੰਦ ਮਰੀਜ਼ਾਂ ਵਾਸਤੇ ਮਸ਼ੀਨਾਂ ਇੰਸਟਾਲ ਕਰਨ ਵਾਸਤੇ ਤਕਨੀਸ਼ੀਅਨ ਰੱਖੇ ਹਨ। ਫਾਜ਼ਿਲਕਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਦੇ ਨਾਲ ਹੰਸ ਰਾਜ ਜੋਸਨ ਤੇ ਡਾ. ਮਹਿੰਦਰ ਰਿਣਵਾ ਵੀ ਸਨ, ਨੇ ਐਲਾਨ ਕੀਤਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਫਾਜ਼ਿਲਕਾ ਵਿਚ ਇਕ ਮੈਡੀਕਲ ਕਾਲਜ ਖੋਲਿ੍ਹਆ ਜਾਵੇਗਾ। ਉਹਨਾ ਨੇ ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਸਨੇ ਆਪਣੀ ਪੇਵਰ ਫੈਕਟਰੀ ਖੋਲ੍ਹ ਕੇ ਮਨਰੇਗਾ ਪ੍ਰਾਜੈਕਟਾਂ ਲਈ ਸਪਲਾਈ ਸ਼ੁਰੂ ਕੀਤੀ ਹੈ ਅਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮਨਰੇਗਾ ਫੰਡਾਂ ਦੇ ਸਾਰੇ ਘੁਟਾਲਿਆਂ ਦੀ ਜਾਂਚ ਕੀਤੀ ਜਾਵੇਗੀ।
Sukhbir Badal
ਜਲਾਲਾਬਾਦ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਦੇ ਨਾਲ ਪ੍ਰੇਮ ਵਲੇਚਾ ਤੇ ਅਸ਼ੋਕ ਅਨੇਜਾ ਵੀ ਸਨ, ਨੇ ਉਹਨਾਂ ਵੱਲੋਂ ਜਲਾਲਾਬਾਦ ਹਸਪਤਾਲ ਲਈ ਦਿੱਤੇ ਵੈਂਟੀਲੇਟਰ ਕਿਤੇ ਹੋਰ ਭੇਜਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਰਾਜ ਵੇਲੇ ਜਲਾਲਾਬਾਦ ਹਸਪਤਾਲ ਤੋਂ ਡਾਕਟਰਾਂ ਨੂੰ ਵੀ ਤਬਦੀਲ ਕਰ ਦਿੱਤਾ ਗਿਆ ਹੈ।
Sukhbir Badal
ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਜਲਾਲਾਬਾਦ ਦੇ ਕਾਂਗਰਸੀ ਵਿਧਾਇਕ ਵੱਲੋਂ ਨਜਾਇਜ਼ ਮਾਇਨਿੰਗ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਸਰਕਾਰ ਬਣਨ ’ਤੇ ਅਜਿਹੇ ਸਾਰੇ ਵਿਅਕਤੀਆਂ ਨੂੰ ਸਬਕ ਸਿਖਾਇਆ ਜਾਵੇਗਾ। ਸਰਦਾ ਬਾਦਲ ਜਲਾਲਾਬਾਦ ਦੇ ਸਿਵਲ ਹਸਪਤਾਲ ਵੀ ਗਏ ਤੇ ਉਥੇ ਹਸਪਤਾਲ ਸਟਾਫ ਨੂੰ ਕੋਰੋਨਾ ਮਰੀਜ਼ਾਂ ਲਈ ਖਾਣੇ ਦੇ ਪੈਕਟ ਵੀ ਦਿੱਤੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਰਾਜ ਦੌਰਾਨ ਗੈਂਗਸਟਰ ਖੁਲ੍ਹੇਆਮ ਘੁੰਮ ਰਹੇ ਹਨ ਅਤੇ ਫਿਰੌਤੀਆਂ ਮੰਗ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਪਰ ਪੁਲਿਸ ਇਸ ਮਾਮਲੇ ਵਿਚ ਉਹਨਾਂ ਦਾ ਬਚਾਅ ਕਰਨ ਵਿਚ ਫੇਲ੍ਹ ਹੋ ਗਈ ਹੈ ਕਿਉਂਕਿ ਗੈਂਗਸਟਰ ਕਾਂਗਰਸੀ ਵਿਧਾਇਕਾਂ ਨਾਲ ਰਲੇ ਹੋਏ ਹਨ।
Sukhbir Badal
ਉਹਨਾਂ ਨੇ ਜ਼ਿਲ੍ਹਾ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਵਿਧਾਇਕਾਂ ਦੇ ਕਹਿਣ ’ਤੇ ਝੂਠੇ ਪਰਚੇ ਦਰਜ ਨਾ ਕਰਨ ਤੇ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹਨਾਂ ਸਾਰੇ ਝੂਠੇ ਕੇਸਾਂ ਦੀ ਪੜਤਾਲ ਕੀਤੀ ਜਾਵੇਗੀ। ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਅਜਿਹਾ ਇਕ ਵੀ ਪਿੰਡ ਦੱਸਣ ਜਿਥੇ ਉਹ ਤੇ ਉਹਨਾਂ ਦੇ ਮੰਤਰੀ ਗਏ ਹੋਣ ਹਾਲਾਂਕਿ ਦਿਹਾਤੀ ਇਲਾਕਿਆਂ ਵਿਚ ਕੋਰੋਨਾ ਬਹੁਤ ਜ਼ਿਆਦਾ ਹੈ।
ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਨੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਵੈਕਸੀਨ ਦੀ ਘਾਟ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਤੁਰੰਤ ਵੈਕਸੀਨ ਖਰੀਦਣ ਵਾਸਤੇ 1000 ਕਰੋੜ ਰੁਪਏ ਨਹੀਂ ਰੱਖੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਫਰਜ਼ ਨਿਭਾ ਰਹੀ ਹੈ ਤੇ ਕੱਲ੍ਹ ਅੰਮ੍ਰਿਤਸਰ ਵਿਚ ਵੈਕਸੀਨ ਸੇਵਾ ਸ਼ੁਰੂ ਕੀਤੀ ਜਾਵੇਗੀ।