
ਪੌਦੇ ਲਾਉਣਾ ਸੌਖਾ ਹੈ ਪਰ ਉਨ੍ਹਾਂ ਦਾ ਰੱਖ-ਰਖਾਅ ਸਭ ਤੋਂ ਵੱਡੀ ਚੁਣੌਤੀ ਹੈ। ਇਸ ਲਈ ਲੋਕ ਨਿਰਮਾਣ ਵਿਭਾਗ ਮਿਸ਼ਨ ਤੰਦਰੁਸਤ ਤਹਿਤ ਪੌਦੇ ਲਾਉਣ ਦੀ ਮੁਹਿੰਮ ....
ਚੰਡੀਗੜ੍ਹ,-ਪੌਦੇ ਲਾਉਣਾ ਸੌਖਾ ਹੈ ਪਰ ਉਨ੍ਹਾਂ ਦਾ ਰੱਖ-ਰਖਾਅ ਸਭ ਤੋਂ ਵੱਡੀ ਚੁਣੌਤੀ ਹੈ। ਇਸ ਲਈ ਲੋਕ ਨਿਰਮਾਣ ਵਿਭਾਗ ਮਿਸ਼ਨ ਤੰਦਰੁਸਤ ਤਹਿਤ ਪੌਦੇ ਲਾਉਣ ਦੀ ਮੁਹਿੰਮ ਵਿੱਢੇਗਾ। ਇਹ ਵਿਚਾਰ ਅੱਜ ਸ੍ਰੀ ਵਿਜੇ ਇੰਦਰ ਸਿੰਗਲਾ, ਲੋਕ ਨਿਰਮਾਣ ਮੰਤਰੀ, ਪੰਜਾਬ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸੜਕ ਕੰਢੇ ਹਰਿਆਲੀ ਨੂੰ ਬਹਾਲ ਰੱਖਣ ਲਈ ਵਿਭਾਗ ਵੱਲੋਂ ਵੱਡੀ ਪੱਧਰ 'ਤੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।
ਮੀਟਿੰਗ ਦੌਰਾਨ ਸ੍ਰੀ ਸਿੰਗਲਾ ਨੇ ਮੰਨਿਆ ਕਿ ਕੌਮੀ ਅਤੇ ਰਾਜਮਾਰਗਾਂ 'ਤੇ ਪੌਦੇ ਲਾਉਣ ਦੀ ਨੀਤੀ ਦੇ ਬਾਵਜੂਦ ਇਸ ਨੀਤੀ ਦੀ ਜ਼ਮੀਨੀ ਪੱਧਰ 'ਤੇ ਲੋੜ ਅਨੁਸਾਰੀ ਪਾਲਣਾ ਨਹੀਂ ਹੋ ਰਹੀ। ਇਸ ਮੁੱਦੇ ਦੇ ਹੱਲ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਯਮਿਤ ਨਿਗਰਾਨੀ ਰੱਖੀ ਜਾਵੇਗੀ। ਦਿਹਾਤੀ ਸੜਕਾਂ 'ਤੇ ਪੌਦੇ ਲਾਉਣ ਲਈ ਲੋੜੀਂਦੀ ਥਾਂ ਦੀ ਉਪਲਬਧਤਾ ਅਤੇ ਚੌੜਾਈ ਬਾਰੇ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰ ਦੀਆਂ 10 ਹਜ਼ਾਰ ਕਿਲੋਮੀਟਰ ਸੜਕਾਂ 'ਤੇ ਪੌਦੇ ਲਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਛਾਂਦਾਰ ਪੌਦਿਆਂ ਦੇ ਫ਼ਸਲਾਂ 'ਤੇ ਪੈਣ ਵਾਲੇ ਪ੍ਰਭਾਵ ਕਾਰਨ ਕਿਸਾਨ ਅਜਿਹੇ ਬੂਟੇ ਲਾਉਣ ਤੋਂ ਕੰਨੀ ਕਤਰਾਉਂਦੇ ਹਨ। ਇਸ ਲਈ ਕਿਸਾਨਾਂ ਦੀ ਇਸ ਚਿੰਤਾ ਦੇ ਸਨਮੁਖ ਮਾਹਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਹੁਣ ਅਜਿਹੇ ਪੌਦੇ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜੋ ਜ਼ਿਆਦਾ ਲੰਬੇ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਲੰਬਾਈ ਵੀ ਅੱਠ ਤੋਂ ਦਸ ਫ਼ੁਟ ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀ ਅਜਿਹੇ ਬੂਟੇ ਲਾਉਣ ਦਾ ਵਿਰੋਧ ਨਹੀਂ ਕਰਨਗੇ ਅਤੇ ਸੰਪਰਕ ਸੜਕਾਂ 'ਤੇ ਇਸ ਕਿਸਮ ਦੇ ਪੌਦੇ ਲਾਏ ਜਾ ਸਕਣਗੇ।