
ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿਚ ਛਾਏ ਖ਼ਾਲਸਾ ਦੀਵਾਨ ਸ਼੍ਰੀ ਸਿੰਘ ਸਭਾ ਦੀ ਪ੍ਰਧਾਨਗੀ ਦੇ ਮੁੱਦੇ 'ਚ ਕਾਂਗਰਸ ਦੇ ਭਾਰੂ ਹੋਣ ਤੋਂ ਬਾਅਦ ਹੁਣ ਬਠਿੰਡਾ ਦੇ ਅਕਾਲੀ...
ਬਠਿੰਡਾ : ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿਚ ਛਾਏ ਖ਼ਾਲਸਾ ਦੀਵਾਨ ਸ਼੍ਰੀ ਸਿੰਘ ਸਭਾ ਦੀ ਪ੍ਰਧਾਨਗੀ ਦੇ ਮੁੱਦੇ 'ਚ ਕਾਂਗਰਸ ਦੇ ਭਾਰੂ ਹੋਣ ਤੋਂ ਬਾਅਦ ਹੁਣ ਬਠਿੰਡਾ ਦੇ ਅਕਾਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਰਨ 'ਚ ਚਲੇ ਗਏ ਹਨ। ਅੱਜ ਅਕਾਲੀ ਆਗੂਆਂ ਦਾ ਇੱਕ ਵਫ਼ਦ ਸਾਬਕਾ ਵਿਧਾਇਕ ਸਰੂਪ ਸਿੰਗਲਾ ਦੀ ਅਗਵਾਈ ਹੇਠ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ। ਸ: ਬਾਦਲ ਵਲੋਂ ਇਸ ਮੁੱਦੇ ਨੂੰ ਲੈ ਕੇ ਬਠਿੰਡਾ ਰੇਂਜ ਦੇ ਆਈ.ਜੀ ਐਮ.ਫ਼ਾਰੂਕੀ ਨਾਲ ਵੀ ਗੱਲਬਾਤ ਕੀਤੀ ਗਈ।
ਸੂਤਰਾਂ ਅਨੁਸਾਰ ਵੱਡੇ ਬਾਦਲ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਪੁਲਿਸ ਪ੍ਰਸਾਸਨ ਨੇ ਵੀ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਹੱਤਵਪੂਰਨ ਗੱਲ ਵੀ ਇਹ ਦੇਖਣ ਨੂੰ ਮਿਲੀ ਕਿ ਹੁਣ ਤੱਕ ਬਠਿੰਡਾ ਸ਼ਹਿਰੀ ਨਾਲ ਸਬੰਧਤ ਇਸ ਮੁੱਦੇ ਨਾਲ ਬਠਿੰਡਾ ਲੋਕ ਸਭਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਜੁੜ ਗਏ ਹਨ
ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਧਾਰਮਿਕ ਰੰਗਤ ਦੇਣ ਦੀ ਤਿਆਰੀ 'ਚ ਹੈ।
ਇਹ ਵੀ ਪਤਾ ਚੱਲਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਸੰਸਥਾ ਦੀ ਕਮੇਟੀ ਬਠਿੰਡਾ ਲੋਕ ਸਭਾ ਹਲਕੇ ਦੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰ ਸਕਦੀ ਹੈ। ਅਕਾਲੀ ਦਲ ਦੇ ਆਗੂਆਂ ਵਲੋਂ ਸਪੱਸ਼ਟ ਤੌਰ 'ਤੇ ਇਸ ਮਾਮਲੇ 'ਚ ਵਿਤ ਮੰਤਰੀ ਮਨਪ੍ਰੀਤ ਸਿੰੰਘ ਬਾਦਲ ਅਤੇ ਉਸਦੇ ਰਿਸ਼ਤੇਦਾਰ ਉਪਰ ਦੋਸ਼ ਲਗਾਏ ਜਾ ਰਹੇ ਹਨ। ਹਾਲਾਂਕਿ ਜੈਜੀਤ ਸਿੰਘ ਜੌਹਲ ਨੇ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਤੋਂ ਸਪੱਸਟ ਇਨਕਾਰ ਕਰਦਿਆਂ ਸਾਬਕਾ ਅਕਾਲੀ ਵਿਧਾਇਕ ਸ਼੍ਰੀ ਸਿੰਗਲਾ ਉਪਰ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੇ ਦੋਸ਼ ਲਗਾਏ ਹਨ।
ਦਸਣਾ ਬਣਦਾ ਹੈ ਕਿ ਅਕਾਲੀ ਦਲ ਨਾਲ ਸਬੰਧਤ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਦੀ ਇੱਕ ਲੜਕੀ ਨਾਲ ਕਥਿਤ ਅਨੈਤਿਕ ਗੱਲਬਾਤ ਦੀ ਫੈਲੀ ਆਡੀਓ ਦੇ ਚੱਲਦੇ ਜੇਲ ਜਾਣ ਤੋਂ ਬਾਅਦ ਸੰਸਥਾ ਦੇ ਉਪ ਪ੍ਰਧਾਨ ਗੁਰਮੀਤ ਸਿੰਘ ਗੀਤਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ। ਸ: ਗੀਤਾ ਕੁੱਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ ਜਿਨ੍ਹਾਂ ਪ੍ਰਧਾਨ ਬਣਨ ਤੋਂ ਬਾਅਦ ਪੁਰਾਣੀਆਂ ਕਮੇਟੀਆਂ ਨੂੰ ਭੰਗ ਕਰਦੇ ਹੋਏ ਨਵੀਆਂ ਕਮੇਟੀਆਂ ਦਾ ਗਠਨ ਕਰਕੇ ਕਾਂਗਰਸੀ ਸਮਰਥਕਾਂ ਨੂੰ ਉਸ ਵਿਚ ਥਾਂ ਦਿੱਤੀ ਹੈ।
ਉਂਜ ਇਸਤੋਂ ਪਹਿਲਾਂ ਵਾਲੀ ਕਮੇਟੀ ਵਿਚ ਵੀ ਅਕਾਲੀ ਦਲ ਨਾਲ ਸਬੰਧਤ ਕੋਂਸਲਰ ਅਤੇ ਹੋਰ ਆਗੂ ਸ਼ਾਮਲ ਸਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸਰਬੱਤ ਖ਼ਾਲਸਾ ਵਲੋਂ ਥਾਪੇ ਮੁਤਵਾਜ਼ੀ ਜਥੈਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ .ਇਸ ਨਵੀਂ ਕਮੇਟੀ ਨੂੰ ਖੁੱਲਾ ਸਮਰਥਨ ਦਿੱਤਾ ਹੈ। ਇਸਤੋਂ ਇਲਾਵਾ ਨਵੀਂ ਕਮੇਟੀ ਵਲੋਂ ਇਸ ਸੰਸਥਾ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿਚ ਫ਼ੇਰਬਦਲ ਕਰਨ ਦੀ ਚਰਚਾ ਵੀ ਚੱਲ ਰਹੀ ਹੈ। ਅਕਾਲੀ ਦਲ ਨੇ ਮੇਕੇ ਨੂੰ ਸਾਂਭਣ ਲਈ ਅੱਜ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨਾਲ ਪਿੰਡ ਬਾਦਲ 'ਚ ਜਾ ਕੇ ਮੁਲਾਕਾਤ ਕੀਤੀ, ਜਿਸਤੋਂ ਬਾਅਦ ਉਨ੍ਹਾਂ ਦਾ ਵਫ਼ਦ ਆਈ.ਜੀ ਤੇ ਫ਼ਿਰ ਐਸ.ਐਸ.ਪੀ ਨੂੰ ਮਿਲਿਆ।
ਸੂਚਨਾ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਐਸ.ਪੀ ਡੀ ਨੂੰ ਇਹ ਮਾਮਲਾ ਦੇਖਣ ਲਈ ਕਿਹਾ ਹੈ। ਇਸ ਵਫ਼ਦ ਵਿਚ ਰਜਿੰਦਰ ਸਿੰਘ ਸਿੱਧੂ ਤੋਂ ਬਾਅਦ ਬਣੇ ਕਾਰਜ਼ਕਾਰੀ ਪ੍ਰਧਾਨ ਸੁਖਦੇਵ ਸਿੰਘ ਤੋਂ ਇਲਾਵਾ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਅੱਧੀ ਦਰਜ਼ਨ ਮੈਂਬਰਾਂ ਸਹਿਤ ਸ਼ਹਿਰ ਦੇ ਕੋਂਸਲਰ ਵੀ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਨੇ ਦਾਅਵਾ ਕੀਤਾ ਕਿ ਨਿਯਮਾਂ ਮੁਤਾਬਕ ਬਣੀ ਕਮੇਟੀ ਨੂੰ ਅੱਖੋ-ਪਰੋਖੇ ਕਰਕੇ ਕਾਂਗਰਸ ਵਲੋਂ ਖ਼ਾਲਸਾ ਦੀਵਾਨ ਅਤੇ ਇਸਦੀਆਂ ਜਾਇਦਾਦਾਂ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।