
ਬੰਟੀ ਤੇ ਬਰਾੜ ਵਲੋਂ ਇਕ ਦੂਜੇ ਦੀ ਕਿਰਦਾਰਕੁਸ਼ੀ ਕਰ ਕੇ ਉਧੇੜੇ ਜਾ ਰਹੇ ਹਨ ਪਾਜ਼
SAD Crisis: ਕੋਟਕਪੂਰਾ (ਗੁਰਿੰਦਰ ਸਿੰਘ) : ਅਕਾਲੀ ਦਲ ਬਾਦਲ ਦੇ ਦੋਫਾੜ ਹੋ ਜਾਣ ਤੋਂ ਬਾਅਦ ਭਾਵੇਂ ਦੋਨੋਂ ਧੜੇ ਹੁਣ ਖ਼ੁਦ ਨੂੰ ਅਸਲੀ ਅਕਾਲੀ ਦਲ ਅਤੇ ਦੂਜੇ ਨੂੰ ਨੀਵਾਂ ਵਿਖਾਉਣ ਉਪਰ ਪੂਰਾ ਜ਼ੋਰ ਲਾ ਰਹੇ ਹਨ ਪਰ ਰਾਜਨੀਤਕ ਹਲਕਿਆਂ ਵਿਚ ਇਕ ਨਵੀਂ ਚਰਚਾ ਛਿੜ ਪਈ ਹੈ ਕਿ ਆਖਰ ਬਿਕਰਮ ਸਿੰਘ ਮਜੀਠੀਆ ਅਤੇ ਮਨਪ੍ਰੀਤ ਸਿੰਘ ਇਆਲੀ ਉਕਤ ਵਿਵਾਦ ਵਿਚ ਚੁੱਪ ਕਿਉਂ ਹਨ?
ਅਕਾਲੀ ਦਲ ਬਾਦਲ ਵਿਰੁਧ ਬੋਲਣ ਜਾਂ ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲਿਆਂ ਵਿਰੁਧ ਬਿਕਰਮ ਸਿੰਘ ਮਜੀਠੀਆ ਅਕਸਰ ਹਮਲਾਵਰ ਹੋ ਕੇ ਸਾਹਮਣੇ ਆਉਂਦੇ ਸਨ ਪਰ ਇਸ ਵਾਰ ਉਨ੍ਹਾਂ ਨੇ ਹੈਰਾਨੀਜਨਕ ਚੁੱਪੀ ਧਾਰੀ ਹੋਈ ਹੈ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਇਆਲੀ ਵੀ ਪੁੂਰੀ ਤਰਾਂ ਚੁੱਪ ਹਨ। ਪਿਛਲੇ ਦਿਨੀਂ ਹੋ ਕੇ ਹਟੀਆਂ ਲੋਕ ਸਭਾ ਚੋਣਾਂ ਦੌਰਾਨ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬਿਨਾ ਕੋਈ ਨੋਟਿਸ ਦਿਤੇ ਅਚਾਨਕ ਪਾਰਟੀ ਵਿਚੋਂ ਕੱਢਣ ਦੇ ਆਏ ਬਿਆਨ ਨੇ ਲੋਕਾਂ ਨੂੰ ਹੈਰਾਨ ਕਰ ਕੇ ਰਖ ਦਿਤਾ ਸੀ
ਕਿਉਂਕਿ ਵਿਰੋਧ ਦੇ ਬਾਵਜੂਦ ਵੀ ਢੀਂਡਸਾ ਜਾਂ ਮਲੂਕਾ ਨੂੰ ਪਾਰਟੀ ਵਿਚੋਂ ਕੱਢਣ ਬਾਰੇ ਕੋਈ ਫ਼ੈਸਲਾ ਨਾ ਹੋ ਸਕਿਆ ਤੇ ਹੁਣ ਪਾਰਟੀ ਦੇ ਮੂਹਰਲੀ ਕਤਾਰ ਦੇ ਆਗੂਆਂ ਵਲੋਂ ਬਾਦਲ ਦਲ ਨੂੰ ਅਲਵਿਦਾ ਆਖਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਜੁਰਅਤ ਤਕ ਨਹੀਂ ਕੀਤੀ ਜਾ ਰਹੀ। ਬਾਦਲ ਦਲ ਵਲੋਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿਚ ਚੋਣਾ ਲੜਨ ਦਾ ਐਲਾਨ ਕਰਦਿਆਂ ਖ਼ੁਦ ਨੂੰ ਕੌਮੀ ਪਾਰਟੀ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਸਨ ਪਰ ਹੁਣ ਬਾਦਲ ਦਲ ਅਪਣੇ ਜੱਦੀ ਘਰ ਅਰਥਾਤ ਪੰਜਾਬ ਵਿਚ ਹੀ ਹਾਸ਼ੀਏ ’ਤੇ ਜਾ ਪਿਆ ਹੈ।
ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਇਕ ਦੂਜੇ ਦੇ ਪਰਦੇ ਚੁੱਕ ਕੇ ਕਿਰਦਾਰਕੁਸ਼ੀ ਕਰਨ ਦਾ ਸਿਲਸਿਲਾ ਜਾਰੀ ਹੈ। ਰਾਜਨੀਤਕ ਮਾਹਰਾਂ ਅਨੁਸਾਰ 2017, 2019, 2022, 2024 ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਆਮ ਚੋਣਾਂ ਤੋਂ ਇਲਾਵਾ ਜ਼ਿਮਨੀ ਚੋਣਾਂ ਵਿਚ ਵੀ ਅਕਾਲੀ ਉਮੀਦਵਾਰਾਂ ਨੂੰ ਮਿਲੀ ਨਮੋਸ਼ੀਜਨਕ ਹਾਰ ਤੋਂ ਵੀ ਪਾਰਟੀ ਆਗੂਆਂ ਨੇ ਕੋਈ ਸਬਕ ਨਹੀਂ ਸਿਖਿਆ ਕਿ ਆਖਰ ਅਕਾਲੀ ਦਲ ਪ੍ਰਤੀ ਆਮ ਲੋਕਾਂ ਦੇ ਮਨਾਂ ਵਿਚ ਨਫ਼ਰਤ ਪੈਦਾ ਹੋਣ ਦੇ ਕੀ-ਕੀ ਕਾਰਨ ਹਨ?