
ਪੀ.ਜੀ.ਆਈ. ਦੇ ਡਾਕਟਰਾਂ ਅਤੇ ਮੁਲਾਜ਼ਮਾਂ ਦੇ ਆਪਸੀ ਝਗੜੇ ਹੁਣ ਸੋਸ਼ਲ ਮੀਡੀਆ 'ਤੇ ਜੱਗ ਜ਼ਾਹਰ ਹੋਣ ਲੱਗ ਪਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਡਾਕਟਰਾਂ ਅਤੇ ...
ਚੰਡੀਗੜ੍ਹ, ਪੀ.ਜੀ.ਆਈ. ਦੇ ਡਾਕਟਰਾਂ ਅਤੇ ਮੁਲਾਜ਼ਮਾਂ ਦੇ ਆਪਸੀ ਝਗੜੇ ਹੁਣ ਸੋਸ਼ਲ ਮੀਡੀਆ 'ਤੇ ਜੱਗ ਜ਼ਾਹਰ ਹੋਣ ਲੱਗ ਪਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਡਾਕਟਰਾਂ ਅਤੇ ਮੁਲਾਜ਼ਮਾਂ ਦੇ ਕਈ ਵਾਰ ਝਗੜੇ ਹੋ ਚੁਕੇ ਹਨ। ਇਥੋਂ ਤਕ ਆਪਸੀ ਹੱਥਾਪਾਈ ਵੀ ਹੋ ਚੁਕੀ ਹੈ। ਇਹ ਸੱਭ ਗੱਲਾਂ ਪੀਜੀਆਈ ਦੇ ਅੰਦਰ ਹੀ ਖ਼ਤਮ ਹੋ ਜਾਂਦੀਆਂ ਸਨ ਪਰ ਹੁਣ ਇਕ ਦੂਜੇ ਨੂੰ ਬਦਨਾਮ ਕਰਨ ਲਈ ਪੀਜੀਆਈ ਦੇ ਮੁਲਾਜ਼ਮ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ।
ਹਾਲ ਹੀ ਵਿਚ ਅਜਿਹੇ ਮਾਮਲੇ ਵਧਣ ਤੋਂ ਬਾਅਦ ਪੀਜੀਆਈ ਡਾਇਰੈਕਟਰ ਡਾ. ਜਗਤ ਰਾਮ ਨੇ ਇਸ ਸਬੰਧੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਇਕ ਸਰਕੂਲਰ ਜਾਰੀ ਕੀਤਾ ਹੈ। ਸਰਕੂਲਰ ਵਿਚ ਹਿਦਾਇਤ ਦਿਤੀ ਗਈ ਹੈ ਕਿ ਪੀਜੀਆਈ ਦਾ ਕੋਈ ਵੀ ਮੁਲਾਜ਼ਮ ਸੋਸ਼ਲ ਮੀਡੀਆ 'ਤੇ ਕਿਸੇ ਵੀ ਵਿਰੁਧ ਗ਼ਲਤ ਭਾਸ਼ਾ ਜਾਂ ਇਤਰਾਜ਼ਯੋਗ ਟਿੱਪਣੀ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੇ ਅਜਿਹਾ ਕਰਦੇ ਹੋਏ ਕੋਈ ਮੁਲਾਜ਼ਮ ਫੜਿਆ ਜਾਂਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਾਲ ਹੀ ਵਿਚ ਪੀ.ਜੀ.ਆਈ. ਦੇ ਕਿਸੇ ਵਿਭਾਗ ਦੇ ਮੁਖੀ ਵਿਰੁਧ ਕਿਸੇ ਮੁਲਾਜ਼ਮ ਨੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ ਅਤੇ ਉਨ੍ਹਾਂ ਨੂੰ ਭ੍ਰਿਸ਼ਟ, ਕਾਤਲ ਤੋਂ ਇਲਾਵਾ ਹੋਰ ਕਈ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਤੋਂ ਇਲਾਵਾ ਉਸ ਵਿਰੁਧ ਕਈ ਦੋਸ਼ ਵੀ ਲਗਏ ਸਨ। ਉਕਤ ਮੁਲਾਜ਼ਮ ਨੇ ਵਿਭਾਗ ਦੇ ਮੁਖੀ ਵਿਰੁਧ ਪੱਤਰਕਾਰ ਮਿਲਣੀ ਵੀ ਕੀਤੀ ਸੀ ਅਤੇ ਕਈ ਅਖ਼ਬਾਰਾਂ ਨੇ ਉਸ ਖ਼ਬਰ ਨੂੰ ਪ੍ਰਕਾਸ਼ਤ ਕੀਤਾ ਸੀ। ਜਿਸ ਤੋਂ ਬਾਅਦ ਵਿਭਾਗ ਦੇ ਮੁਖੀ ਨੇ ਪੱਤਰਕਾਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਅਤੇ ਇਸ ਦੀ ਸ਼ਿਕਾਇਤ ਡਾਇਰੈਕਟਰ ਡਾ. ਜਗਤ ਰਾਮ ਕੋਲ ਕੀਤੀ ਸੀ।
PGI
ਸ਼ਿਕਾਇਤ ਵਿਚ ਮੁਖੀ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ 'ਤੇ ਉਸ ਵਿਰੁਧ ਕੀਤੇ ਜਾ ਰਹੇ ਪ੍ਰਚਾਰ ਨਾਲ ਉਨ੍ਹਾਂ ਦਾ ਅਕਸ ਖ਼ਰਾਬ ਹੋ ਰਿਹਾ ਹੈ ਅਤੇ ਮੀਡੀਆ ਵਿਚ ਛਪੀਆਂ ਖ਼ਬਰਾਂ ਵੀ ਗ਼ਲਤ ਹਨ। ਇਸ ਤੋਂ ਇਲਾਵਾ ਪੀਜੀਆਈ ਫ਼ੈਕਲਟੀ ਐਸੋਸੀਏਸ਼ਨ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਮੀਡੀਆ ਨੂੰ ਖ਼ਬਰ ਛਾਪਣ ਤੋਂ ਪਹਿਲਾਂ ਪੜਤਾਲ ਕਰਨੀ ਚਾਹੀਦੀ ਸੀ।
ਡਾ. ਜਗਤਰਾਮ ਨੇ ਕਿਹਾ ਕਿ ਸੰਸਥਾ ਦਾ ਇਕ ਪਰੋਟੋਕਾਲ ਹੈ, ਜਿਸ ਨੂੰ ਕੋਈ ਵੀ ਮੁਲਾਜ਼ਮ ਤੋੜ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹੇ ਅਦਾਰੇ ਵਿਚ ਕੰਮ ਕਰ ਰਹੇ ਹਾਂ, ਜਿਥੇ ਤਰਤੀਬ ਨਾਲ ਚਲਣਾ ਪੈਂਦਾ ਹੈ। ਜੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਪੀ.ਜੀ.ਆਈ. ਪ੍ਰਸ਼ਾਸਨ ਨਾਲ ਗੱਲਬਾਤ ਕਰ ਸਕਦਾ ਹੈ ਪਰ ਸੋਸ਼ਲ ਮੀਡੀਆ 'ਤੇ ਜਾ ਕੇ ਕਿਸੇ ਨੂੰ ਬਦਨਾਮ ਕਰਨਾ ਗ਼ਲਤ ਗੱਲ ਹੈ।
ਉਨ੍ਹਾਂ ਕਿਹਾ ਕਿ ਜੇ ਹੁਣ ਅਜਿਹਾ ਕਰਦਾ ਹੋਇਆ ਕੋਈ ਵੀ ਮੁਲਾਜ਼ਮ ਫੜਿਆ ਜਾਂਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ ਉਸ ਨੂੰ ਮੁਅੱਤਲ ਤਕ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਅਪਡੇਟ ਕੀਤੀ ਗਈ ਸੀ, ਜਿਸ ਵਿਚ ਇਕ ਡਾਕਟਰ ਨੂੰ ਸ਼ੈਤਾਨ ਕਰ ਕੇ ਸੰਬੋਧਤ ਕੀਤਾ ਗਿਆ ਸੀ।
ਹਾਲਾਂਕਿ ਉਸ ਡਾਕਟਰ ਦਾ ਨਾਂ ਨਹੀਂ ਲਿਖਿਆ ਗਿਆ ਸੀ ਪਰ ਉਸ ਦੀ ਨਿਯੁਕਤੀ ਤਰੀਕ ਲਿਖੀ ਗਈ ਸੀ। ਇਸ ਦੇ ਕੁੱਝ ਸਮਾਂ ਬਾਅਦ ਇਕ ਡਾਕਟਰ ਨੂੰ ਕਾਤਲ ਅਤੇ ਉਸ ਨੂੰ ਡੈਵਿਲ ਇਨ ਨਹਿਰੂ ਹੋਸਪਿਟਲ ਦੱਸ ਕੇ ਸੰਬੋਧਤ ਕੀਤਾ ਗਿਆ ਸੀ ਜਿਸ ਦਾ ਪੀ.ਜੀ.ਆਈ ਫ਼ੈਕਲਟੀ ਐਸੋਸੀਏਸ਼ਨ ਨੇ ਵਿਰੋਧ ਕੀਤਾ ਸੀ।
ਦੱਸਣਯੋਗ ਹੈ ਕਿ ਪੀਜੀਆਈ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਮੁਲਾਜ਼ਮਾਂ ਅਤੇ ਡਾਕਟਰਾਂ ਵਿਚਕਾਰ ਵਿਵਾਦ ਵਧਦਾ ਆ ਰਿਹਾ ਹੈ।
ਕੁੱਝ ਸਮਾਂ ਪਹਿਲਾਂ ਇਕ ਡਾਕਟਰ ਵਲੋਂ ਓਟੀ ਟੈਕਨੀਸ਼ੀਅਨ ਦੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਓਟੀ ਟੈਕਨੀਸ਼ੀਅਨ ਯੂਨੀਅਨ ਨੇ ਇਸ ਦੀ ਸ਼ਿਕਾਇਤ ਪੀਜੀਆਈ ਪ੍ਰਸ਼ਾਸਨ ਨੂੰ ਕੀਤੀ ਸੀ।