
ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਸਤਨਾਮ ਸਿੰਘ
ਗੋਨਿਆਣਾ ਮੰਡੀ : ਮੀਂਹ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋਣ ਤੋਂ ਦੁਖੀ ਹੋਏ ਇਕ ਕਿਸਾਨ ਨੇ ਜ਼ਹਿਰੀਲੀ ਸਪਰੇਅ ਪੀ ਕੇ ਅਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਪਿੰਡ ਕੋਠੇ ਸਪੂਰਾ ਸਿੰਘ ਵਾਲੇ (ਬਠਿੰਡਾ) ਦੇ ਕਿਸਾਨ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਮਲਕੀਤ ਸਿੰਘ ਨੇ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ 14 ਏਕੜ ਜ਼ਮੀਨ ਠੇਕੇ 'ਤੇ ਲਈ ਹੋਈ ਸੀ। ਇਸ ਵਿਚ ਉਸ ਨੇ ਝੋਨੇ ਦੀ ਫ਼ਸਲ ਬੀਜੀ ਹੋਈ ਸੀ।
Satnam Singh
ਬੀਤੇ ਦਿਨੀਂ ਵਰ੍ਹੇ ਮੂਸਲੇਧਾਰ ਮੀਂਹ ਕਾਰਨ ਖੇਤ 'ਚ ਪਾਣੀ ਭਰ ਗਿਆ ਤੇ ਪਾਣੀ 'ਚ ਡੁੱਬਣ ਕਰ ਕੇ ਉਸ ਦੀ ਸਾਰੀ ਫ਼ਸਲ ਬਰਬਾਦ ਹੋ ਗਈ। ਇਸ ਕਾਰਨ ਕਿਸਾਨ ਸਤਨਾਮ ਸਿੰਘ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਕੋਈ ਜ਼ਹਿਰੀਲੀ ਸਪਰੇਅ ਪੀ ਲਈ। ਪਰਵਾਰ ਨੇ ਤੁਰਤ ਉਸ ਨੂੰ ਇਲਾਜ ਲਈ ਗੋਨਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
Farmer Suicide
ਮ੍ਰਿਤਕ ਅਪਣੇ ਦੋ ਬੱਚਿਆਂ ਤੇ ਪਤਨੀ ਨੂੰ ਵਿਲਕਦੇ ਛੱਡ ਗਿਆ ਹੈ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਉੱਪਰ 174 ਦੀ ਕਾਰਵਾਈ ਕਰਨ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿਤੀ। ਮ੍ਰਿਤਕ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ।