
AGTF ਅਤੇ ਮੋਗਾ ਪੁਲਿਸ ਦੀ ਵੱਡੀ ਕਾਰਵਾਈ, 3 ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ
ਮੋਗਾ : ਏ.ਜੀ.ਟੀ.ਐਫ਼. ਅਤੇ ਮੋਗਾ ਪੁਲਿਸ ਨੇ ਮੋਗਾ ਵਿਚ ਹੋਏ ਸੰਤੋਖ ਸਿੰਘ ਦੇ ਕਤਲ ਨੂੰ ਸੁਲਝਾਉਂਦਿਆਂ ਹੋਇਆ ਗੋਪੀ ਡੱਲੇਵਾਲੀਆ ਗੈਂਗ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਪੀ ਡੱਲੇਵਾਲੀਆ ਭਗੌੜਾ ਹੈ, ਜਿਸ ਵਿਰੁਧ 12 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਦੋ ਦਿਨਾਂ ਤੋਂ ਲਾਪਤਾ ਹੋਏ ਵਿਦਿਆਰਥੀ ਨੇ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਡੱਲੇਵਾਲੀਆ ਅਤੇ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਕਤਲ ਦੇ ਮਾਸਟਰਮਾਈਂਡ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਜ਼ਿਕਰਯੋਗ ਹੈ ਕਿ ਬੀਤੀ 16 ਤਰੀਕ ਨੂੰ ਮੋਗਾ ਵਿਖੇ ਸ਼ਹੀਦ ਭਗਤ ਸਿੰਘ ਨਗਰ 'ਚ ਚਾਰ ਵਿਅਕਤੀਆਂ ਨੇ ਆ ਕੇ ਸੰਤੋਖ ਸਿੰਘ ਨਾਂਅ ਦੇ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਅਤੇ ਫਰਾਰ ਹੋ ਗਏ ਸਨ। ਬਦਮਾਸ਼ਾਂ ਨੇ ਦੋ ਗੋਲੀਆਂ ਚਲਾਈਆਂ, ਇੱਕ ਗੋਲੀ ਮ੍ਰਿਤਕ ਸੰਤੋਖ ਸਿੰਘ ਦੀ ਛਾਤੀ ਵਿਚ ਅਤੇ ਇਕ ਪੇਟ ਵਿਚ ਲੱਗੀ, ਜਿਸ ਕਾਰਨ ਸੰਤੋਖ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 60-65 ਸਾਲ ਦੱਸੀ ਜਾ ਰਹੀ ਸੀ।
ਇਹ ਵੀ ਪੜ੍ਹੋ: ਅਮਰੀਕਾ ਵਿਚ ਪੰਜਾਬੀ ਨੌਜੁਆਨ ਦਾ ਗੋਲੀ ਮਾਰ ਕੇ ਕਤਲ
ਇਹ ਘਟਨਾ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਹੈ, ਜਿਥੇ ਚਾਰ ਅਣਪਛਾਤੇ ਬਦਮਾਸ਼ ਆਏ ਸੀ ਅਤੇ ਉਸ ਦੇ ਲੜਕੇ ਬਾਰੇ ਪੁੱਛਣ ਲੱਗੇ। ਕੁੱਝ ਸਮਾਂ ਗੱਲਬਾਤ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਦੋ ਗੋਲੀਆਂ ਚਲਾਈਆਂ ਅਤੇ ਬਜ਼ੁਰਗ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ ਸੀ। ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਸੀ।ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।