
‘ਰੱਬ ਦੇ ਕੰਪਿਊਟਰ ’ਤੇ ਬਣਿਆ ਕੋਰੋਨਾ, ਉਨ੍ਹਾਂ ਨੇ ਬਣਾਈ ਹੈ
ਨਵੀਂ ਦਿੱਲੀ, 27 ਅਗੱਸਤ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ। ਇਕ ਪਾਸੇ ਤਾਂ ਦੁਨੀਆਂ ਦੇ ਵੱਡੇ ਵੱਡੇ ਵਿਗਿਆਨੀ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਜੰਗੀ ਪੱਧਰ ’ਤੇ ਵੈਕਸੀਨ ਬਣਾ ਰਹੇ ਹਨ। ਸਾਰੇ ਦੇਸ਼ਾਂ ਵਿਚ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਲਈ ਟੀਕਾਕਰਨ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਮੰਤਰੀ ਕੋਰੋਨਾ ਵਾਇਰਸ ਨੂੰ ਪੈਦਾ ਕਰਨ ਦਾ ਦੋਸ਼ ਵੀ ਰੱਬ ਉਤੇ ਲਾ ਰਹੇ ਹਨ। ਅਸਾਮ ਦੇ ਇਕ ਮੰਤਰੀ ਨੇ ਕੋਰੋਨਾ ਵਾਇਰਸ ਬਾਰੇ ਇਕ ਬਹੁਤ ਹੀ ਹੈਰਾਨੀਜਨਕ ਗੱਲ ਕਹੀ ਹੈ। ਅਸਾਮ ਰਾਜ ਸਰਕਾਰ ਵਿਚ ਭਾਜਪਾ ਦੇ ਟਰਾਂਸਪੋਰਟ ਮੰਤਰੀ ਚੰਦਰ ਮੋਹਨ ਪਟਵਾਰੀ ਨੇ ਇਸ ਮਹਾਂਮਾਰੀ ਨੂੰ ਰੱਬ ਦੇ ਕੰਪਿਊਟਰ ਦੁਆਰਾ ਪੈਦਾ ਕੀਤੀ ਗਈ ਬਿਮਾਰੀ ਦਸਿਆ ਹੈ। ਉਨ੍ਹਾਂ ਕਿਹਾ ਕਿ ਰੱਬ ਨੇ ਇਸੇ ਕੰਪਿਊਟਰ ਰਾਹੀਂ ਫ਼ੈਸਲਾ ਕੀਤਾ ਕਿ ਵਾਇਰਸ ਨੂੰ ਧਰਤੀ ਤੇ ਭੇਜਿਆ ਜਾਣਾ ਚਾਹੀਦਾ ਹੈ।
ਇੰਨਾ ਹੀ ਨਹੀਂ, ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਮਹਾਂਮਾਰੀ ਨਾਲ ਕੌਣ ਪੀੜਤ ਹੋਵੇਗਾ ਅਤੇ ਕੌਣ ਨਹੀਂ, ਇਸ ਵਾਇਰਸ ਨਾਲ ਕੌਣ ਮਰੇਗਾ ਅਤੇ ਕੌਣ ਇਸ ਤੋਂ ਬਚੇਗਾ, ਇਹ ਸਾਰੀ ਸੂਚੀ ਰੱਬ ਦੇ ਕੰਪਿਊਟਰ ਵਿਚ ਤਿਆਰ ਹੈ। ਇਸਦੇ ਨਾਲ ਹੀ ਪਟਵਾਰੀ ਨੇ ਵਿਸ਼ਵ ਸਿਹਤ ਸੰਗਠਨ ਉੱਤੇ ਮਹਾਂਮਾਰੀ ਦੇ ਦੌਰਾਨ ਪੂਰੀ ਤਰ੍ਹਾਂ ਅਸਫਲ ਹੋਣ ਦਾ ਦੋਸ਼ ਲਗਾਇਆ ਹੈ।
ਚੰਦਰਮੋਹਨ ਪਟਵਾਰੀ ਦੀ ਸਰਕਾਰ ਵਿਚ ਤਿੰਨ ਮਹੱਤਵਪੂਰਨ ਮੰਤਰਾਲੇ ਹਨ। ਟਰਾਂਸਪੋਰਟ ਮੰਤਰੀ ਦੇ ਨਾਲ, ਉਹ ਉਦਯੋਗ ਅਤੇ ਵਣਜ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਚੰਦਰ ਮੋਹਨ ਪਟਵਾਰੀ ਨੇ ਬੁਧਵਾਰ ਨੂੰ ਕੋਵਿਡ -19 ਨਾਲ ਮਰਨ ਵਾਲੀਆਂ ਵਿਧਵਾਵਾਂ ਦੀ ਮਦਦ ਕਰਨ ਵਾਲੇ ਇਕ ਪ੍ਰੋਗਰਾਮ ਦੌਰਾਨ ਇਹ ਗਲ ਕਹੀ। ਉਨ੍ਹਾਂ ਕਿਹਾ ਕਿ ਕੁਦਰਤ ਪਹਿਲਾਂ ਹੀ ਫ਼ੈਸਲਾ ਕਰ ਚੁੱਕੀ ਹੈ ਕਿ ਕੌਣ ਇਸ ਵਾਇਰਸ ਨਾਲ ਪੀੜਤ ਹੋਵੇਗਾ ਅਤੇ ਕੌਣ ਨਹੀਂ। ਕੌਣ ਇਸ ਧਰਤੀ ਨੂੰ ਛੱਡ ਦੇਵੇਗਾ ਅਤੇ ਕੌਣ ਬਚੇਗਾ, ਇਕ ਪੂਰਨ ਸੂਚੀ ਪਹਿਲਾਂ ਹੀ ਰੱਬ ਦੇ ਕੰਪਿਟਰ ਵਿਚ ਤਿਆਰ ਕੀਤੀ ਜਾ ਚੁੱਕੀ ਹੈ। (ਏਜੰਸੀ)