
'ਆਪ' ਗੁਜਰਾਤ ਵਿਧਾਨਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਏਗੀ
ਅਹਿਮਦਾਬਾਦ, 27 ਨਵੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲਿਖਤੀ ਦਾਅਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਗੁਜਰਾਤ ਵਿਚ ਸਰਕਾਰ ਬਣਾਏਗੀ | ਉਨ੍ਹਾਂ ਨੇ ਗੁਜਰਾਤ ਵਿਚ ਸਰਕਾਰੀ ਕਰਮਚਾਰੀਆਂ ਲਈ ਅਗਲੇ ਸਾਲ 31 ਜਨਵਰੀ ਤਕ ਪੁਰਾਣੀ ਪੈਂਸ਼ਨ ਯੋਜਨਾ ਲਾਗੂ ਕਰਨ ਦਾ ਵਾਅਦਾ ਕਰਦੇ ਹੋਏ ਉਨ੍ਹਾਂ ਨੂੰ 'ਆਪ' ਦਾ ਸਮਰਥਨ ਕਰਨ ਦੀ ਅਪੀਲ ਕੀਤੀ |
ਸੂਰਤ ਵਿਚ ਇਕ ਪੱਤਰਕਾਰ ਵਾਰਤਾ ਵਿਚ 'ਆਪ' ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿਧਾਨਸਭਾ ਚੋਣਾਂ ਲਈ ਕੀਤੀ ਗਈ ਉਨ੍ਹਾਂ ਦੀ ਭਵਿਖਵਾਣੀ ਸੱਚ ਸਾਬਤ ਹੋਈ ਅਤੇ ਗੁਜਰਾਤ ਵਿਚ ਵੀ ਅਜਿਹੇ ਹੋਵੇਗਾ |
ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਇੰਨੇ ਡਰੇ ਹੋਏ ਹਨ ਕਿ ਉਹ ਗੁਜਰਾਤ ਵਿਧਾਨਸਭਾ ਚੋਣਾਂ ਵਿਚ 'ਆਪ' ਦੇ ਸਮਰਥਨ ਨੂੰ ਖੁਲ੍ਹ ਕੇ ਪ੍ਰਵਾਨ ਕਰਨ ਤੋਂ ਝਿਜਕ ਰਹੇ ਹਨ | ਕੇਜਰੀਵਾਲ ਨੇ ਕਿਹਾ,''ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਖਤੀ ਰੂਪ ਵਿਚ ਇਕ ਭਵਿਖਵਾਣੀ ਕਰਨ ਜਾ ਰਿਹਾ ਹਾਂ...ਲਿਖ ਲਉ ਕਿ 'ਆਪ' ਗੁਜਰਾਤ ਵਿਚ ਸਰਕਾਰ ਬਣਾਉਣ ਜਾ ਰਹੀ ਹੈ | 27 ਸਾਲ ਦੇ ਕੁਸ਼ਾਸਨ ਤੋਂ ਬਾਅਦ ਗੁਜਰਾਤ ਦੇ ਲੋਕਾਂ ਨੂੰ ਇਨ੍ਹਾਂ ਲੋਕਾਂ (ਭਾਜਪਾ) ਤੋਂ ਛੁਟਕਾਰਾ ਮਿਲੇਗਾ |'' ਇਸ ਤੋਂ ਬਾਅਦ ਉਨ੍ਹਾਂ ਨੇ ਅਪਣੀ ਭਵਿਖਵਾਣੀ ਇਕ ਕਾਗ਼ਜ਼ 'ਤੇ ਲਿਖੀ ਅਤੇ ਇਸ ਨੂੰ ਪੱਤਰਕਾਰਾਂ ਨੂੰ ਦਿਖਾਇਆ | ਉਨ੍ਹਾਂ ਕਿਹਾ ਕਿ ਠੇਕਾ ਕਰਮਚਾਰੀਆਂ, ਪੁਲਿਸ ਕਰਮਚਾਰੀਆਂ, ਸੂਬਾ ਟਰਾਂਸਪੋਰਟ ਕਰਮੀਆਂ, ਪੇਂਡੂ ਕੰਪਿਊਟਰ ਉਦਮੀਆਂ, ਆਂਗਣਵਾੜੀ ਵਰਕਰਾਂ, ਅਧਿਆਪਕਾਂ, ਸਿਹਤ ਕਰਮੀਆਂ, ਸਫ਼ਾਈ ਕਰਮਚਾਰੀਆਂ ਦੀ ਗਰੇਡ ਤਨਖ਼ਾਹ, ਸਥਾਈ ਨੌਕਰੀ, ਤਨਖ਼ਾਹ ਵਿਚ ਵਾਧਾ ਅਤੇ ਤਬਾਦਲਿਆਂ ਨਾਲ ਸਬੰਧਤ ਵੱਖ-ਵੱਖ ਮੁੱਦੇ ਹਨ ਜੋ ਹਲ ਕੀਤੇ ਜਾਣਗੇ | ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਬੁਖਲਾ ਗਈ ਹੈ ਕਿਉਂਕਿ ਉਸ ਨੂੰ ਹਾਰ ਦਿਖਾਈ ਦੇ ਰਹੀ ਹੈ ਅਤੇ ਕਾਂਗਰਸ ਮੁਕਾਬਲੇ ਵਿਚ ਕਿਤੇ ਨਹੀਂ ਹੈ | 'ਆਪ' ਆਗੂ ਨੇ ਕਿਹਾ ਕਿ ਲੋਕਾਂ ਦਾ ਪ੍ਰਤੀਕਰਮ ਦੇਖ ਕੇ ਲਗਦਾ ਹੈ ਕਿ ਹਰ ਕੋਈ 'ਆਪ' ਨੂੰ ਵੋਟ ਦੇਣ ਲਈ ਭਾਜਪਾ ਦਾ ਸਾਥ ਛੱਡ ਰਿਹਾ ਹੈ | (ਏਜੰਸੀ)