
ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸੰਯੁਕਤ ਮੋਰਚੇ ਵੱਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸਸਕਾਰ ਕਰਵਾਇਆ ਗਿਆ।
ਜ਼ੀਰਾ : ਪਿੰਡ ਮਨਸੂਰਵਾਲ ਕਲਾਂ ਸਥਿਤ ਸ਼ਰਾਬ ਫੈਕਟਰੀ ਦੇ ਸਾਹਮਣੇ ਚੱਲ ਰਹੇ ਮੋਰਚੇ ਦੀ ਚਰਚਾ ਉਦੋਂ ਤੇਜ਼ ਹੋ ਗਈ, ਜਦੋਂ ਅੱਜ ਪਿੰਡ ਦੇ ਇਕ ਨੌਜਵਾਨ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ, ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮੋਰਚੇ 'ਚ ਸ਼ਾਮਲ ਕਿਸਾਨ ਆਗੂ ਕੁਲਦੀਪ ਸਿੰਘ ਸਰਾਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਮੌਤ ਦਾ ਕਾਰਨ ਸ਼ਰਾਬ ਫੈਕਟਰੀ ਵੱਲੋਂ ਹੋਣ ਵਾਲਾ ਪ੍ਰਦੂਸ਼ਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਸ ਫੈਕਟਰੀ ’ਤੇ ਕਾਰਵਾਈ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਸਾਂਝੇ ਮੋਰਚੇ ਵੱਲੋਂ ਪਹਿਲਾਂ ਮ੍ਰਿਤਕ ਰਾਜਵਿੰਦਰ ਸਿੰਘ ਦੀ ਲਾਸ਼ ਨੂੰ ਮੋਰਚੇ ਵਿਚ ਲਿਆਂਦਾ ਗਿਆ, ਜਿਥੇ ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਸਾਰੇ ਲੋਕਾਂ ਨੇ ਉਸ ਨੂੰ ਸ਼ਰਧਾਂਜਲੀ ਦਿੰਦਿਆਂ ਉਸ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਨਾਲ ਹੀ ਲਾਸ਼ ਨੂੰ ਕਿਸਾਨੀ ਝੰਡੇ ਨਾਲ ਲਪੇਟਿਆ ਗਿਆ। ਇਸ ਉਪਰੰਤ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸੰਯੁਕਤ ਮੋਰਚੇ ਵੱਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸਸਕਾਰ ਕਰਵਾਇਆ ਗਿਆ।