
ਸ਼ਰਾਬ ਦੇ ਨਸ਼ੇ ’ਚ ਸੈਲੂਨ ਦੀ ਰਿਸੈਪਸ਼ਨਿਸਟ ਨਾਲ ਛੇੜਛਾੜ ਦੇ ਲੱਗੇ ਸੀ ਇਲਜ਼ਾਮ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਬੇਟੇ ਜਸਜੀਤ ਸਿੰਘ ਬੰਨੀ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਔਰਤ ਨਾਲ ਛੇੜਛਾੜ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਉਣ ਦੀ ਬਜਾਏ, ਸੁਧਰਨ ਦਾ ਮੌਕਾ ਦਿੱਤਾ ਹੈ। ਅਦਾਲਤ ਨੇ ਉਸ ਨੂੰ ਪ੍ਰੋਬੇਸ਼ਨ ਪੀਰੀਅਡ ਭਾਵ ਚੰਗੇ ਆਚਰਣ ਦੀ ਸ਼ਰਤ 'ਤੇ ਰਿਹਾਅ ਕਰ ਦਿੱਤਾ। ਅਦਾਲਤ ਨੇ ਫੈਸਲੇ 'ਚ ਕਿਹਾ ਕਿ ਸਿਰਫ ਸਜ਼ਾ ਦੇਣ ਨਾਲ ਇਨਸਾਫ ਨਹੀਂ ਹੁੰਦਾ, ਦੋਸ਼ੀਆਂ ਨੂੰ ਸੁਧਰਨ ਦਾ ਮੌਕਾ ਵੀ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵਿਦੇਸ਼ੀ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਕੈਨੇਡਾ ਦੇ ਕਾਲਜਾਂ ’ਚ ਲਾਗੂ ਹੋਣਗੇ ਨਵੇਂ ਨਿਯਮ
ਦਰਅਸਲ ਨਵੰਬਰ 2018 'ਚ ਸੈਲੂਨ 'ਚ ਕੰਮ ਕਰਨ ਵਾਲੀ ਔਰਤ ਨੇ ਬੰਨੀ ਖਿਲਾਫ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਕਿ ਬੰਨੀ ਹੈੱਡ ਮਸਾਜ ਕਰਵਾਉਣ ਆਇਆ ਸੀ। ਦੋਸ਼ ਮੁਤਾਬਕ ਉਸ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਰਿਸੈਪਸ਼ਨ 'ਤੇ ਇਕ ਔਰਤ ਨੂੰ ਛੂਹਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਔਰਤ ਨੇ ਇਤਰਾਜ਼ ਕੀਤਾ। ਇਸ 'ਤੇ ਬੰਨੀ ਨੇ ਉਸ ਔਰਤ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਔਰਤ ਨੇ ਸੈਲੂਨ ਦੀ ਮਾਲਕਣ ਨੂੰ ਫੋਨ ਕੀਤਾ। ਇਸ ਤੋਂ ਬਾਅਦ ਸੈਕਟਰ-3 ਥਾਣੇ ਦੀ ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਬੰਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 354ਏ ਅਤੇ 509 ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਦਿੱਗਜ਼ ਕੰਪਨੀ ਵਾਲਟ ਡਿਜ਼ਨੀ ਨੇ ਵੀ ਸ਼ੁਰੂ ਕੀਤੀ ਛਾਂਟੀ, ਇਸ ਹਫ਼ਤੇ ਪਹਿਲੇ ਦੌਰ 'ਚ 7 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ
ਦੱਸ ਦੇਈਏ ਕਿ ਜਗਜੀਤ ਬੰਨੀ ਬਨੂੜ ਤੋਂ ਵਿਧਾਇਕ ਰਹਿ ਚੁੱਕੇ ਹਨ। ਬੰਨੀ ਦੇ ਪਿਤਾ ਕੈਪਟਨ ਕੰਵਲਜੀਤ ਸਿੰਘ, ਪੰਜਾਬ ਵਿਚ ਸਹਿਕਾਰਤਾ ਮੰਤਰੀ ਰਹਿ ਚੁੱਕੇ ਹਨ। 2009 ਵਿਚ ਇਕ ਸੜਕ ਹਾਦਸੇ ਵਿਚ ਉਹਨਾਂ ਦੀ ਮੌਤ ਹੋ ਗਈ ਸੀ। ਬੰਨੀ ਦਾ ਕੇਸ ਲੜ ਰਹੇ ਐਡਵੋਕੇਟ ਮੋਹਕ ਅਰੋੜਾ ਨੇ ਕਿਹਾ ਕਿ ਪੁਲਿਸ ਨੇ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਪੀੜਤ ਲੜਕੀ ਨੂੰ ਗਵਾਹ ਵੀ ਨਹੀਂ ਬਣਾਇਆ। ਬਾਕੀ ਗਵਾਹਾਂ ਦੇ ਬਿਆਨਾਂ ਤੋਂ ਦੋਸ਼ ਸਾਬਤ ਨਹੀਂ ਹੁੰਦੇ। ਪੁਲਿਸ ਨੇ ਬੰਨੀ ਦਾ ਮੈਡੀਕਲ ਵੀ ਨਹੀਂ ਕਰਵਾਇਆ। ਹਾਲਾਂਕਿ ਅਦਾਲਤ ਨੇ ਇਹਨਾਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ।