
ਢੰਡਾਰੀ ਕਲਾਂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਲਗਭਗ ਸਾਢੇ 7 ਵਜੇ ਇਕ ਬਰਾਤ ਵਾਲੀ ਕਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਲੁਧਿਆਣਾ: ਢੰਡਾਰੀ ਕਲਾਂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਲਗਭਗ ਸਾਢੇ 7 ਵਜੇ ਇਕ ਬਰਾਤ ਵਾਲੀ ਕਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਲਾੜੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀ ਲੋਕਾਂ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਜ਼ਖ਼ਮੀਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
Car Accident
ਦਰਅਸਲ ਬੋਲੈਰੋ ਕਾਰ ਵਿਚ ਸਵਾਰ ਪਰਿਵਾਰ ਹਰਿਆਣਾ ਦੇ ਯਮਨਾਨਗਰ ਤੋਂ ਲਾੜੀ ਨੂੰ ਵਿਆਹ ਕੇ ਲੁਧਿਆਣਾ ਦੇ ਟਿੱਬਾ ਰੋਡ ਪਰਤ ਰਿਹਾ ਸੀ ਪਰ ਜਿਵੇਂ ਹੀ ਉਹ ਸਾਹਨੇਵਾਲ ਤੋਂ ਅੱਗੇ ਢੰਡਾਰੀ ਕਲਾਂ ਕੋਲ ਪੁੱਜੇ ਤਾਂ ਉਨ੍ਹਾਂ ਦੀ ਬੋਲੈਰੋ ਕਾਰ ਸੜਕ 'ਤੇ ਖੜ੍ਹੀ ਕੰਬਾਈਨ ਵਿਚ ਜਾ ਟਕਰਾਈ। ਜਿਸ ਕਾਰਨ ਲਾੜੀ ਸਮੇਤ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਲਾਡੀ, ਹਿਨਾ, ਜ਼ਰੀਨਾ ਅਤੇ ਡਰਾਈਵਰ ਜਮਸ਼ੇਦ ਆਲਮ ਦੇ ਨਾਂਅ ਸ਼ਾਮਲ ਹਨ।
Married couple
ਹਾਦਸੇ ਵਾਲੀ ਥਾਂ 'ਤੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਕੇ ਪਰਖੱਚੇ ਉਡ ਗਏ ਹਨ। ਉਨ੍ਹਾਂ ਆਖਿਆ ਕਿ ਕੰਬਾਈਨ ਵਾਲੇ ਨੇ ਇਕਦਮ ਕੰਬਾਈਨ ਮੋੜ ਦਿੱਤੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸਵੇਰੇ 5 ਵਜੇ ਯਮੁਨਾਨਗਰ ਜਗਾਧਰੀ ਤੋਂ ਲੁਧਿਆਣਾ ਲਈ ਨਿਕਲੇ ਸਨ ਪਰ ਢੰਡਾਰੀ ਕਲਾਂ ਕੋਲ ਆ ਕੇ ਇਹ ਹਾਦਸਾ ਹੋ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿਤੀ ਹੈ।