
ਡਾਕਟਰਾਂ ਨੇ ਜ਼ਖ਼ਮੀ ਦੀ ਹਾਲਤ ਗੰਭੀਰ ਦੇਖਦੇ ਹੋਏ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਕੀਤਾ ਰੈਫ਼ਰ
ਰਾਜਪੁਰਾ: ਇਥੋਂ ਦੇ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 1 'ਤੇ ਅੱਜ ਤੜਕੇ ਕਰੀਬ 2 ਵਜੇ ਇੱਕ ਨੌਜਵਾਨ 'ਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ 'ਤੇ ਰੇਲਵੇ ਪੁਲਿਸ ਨੇ ਸੂਚਨਾ ਮਿਲਦੇ ਹੀ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿਥੇ ਹਸਪਤਾਲ ਦੇ ਡਾਕਟਰਾਂ ਨੇ ਜ਼ਖ਼ਮੀ ਦੀ ਹਾਲਤ ਗੰਭੀਰ ਦੇਖਦੇ ਹੋਏ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਰੈਫ਼ਰ ਕਰ ਦਿਤਾ ਹੈ।
PGI
ਰੇਲਵੇ ਪੁਲਿਸ ਨੇ ਵੱਖ-ਵੱਖ ਪਹਿਲੂਆਂ 'ਤੇ ਜਾਂਚ ਸ਼ੁਰੂ ਕਰ ਦਿਤੀ ਹੈ। ਰੇਲਵੇ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਚਨਾ ਮਿਲੀ ਕਿ ਇਕ ਵਿਅਕਤੀ ਪਲੇਟਫ਼ਾਰਮ ਨੰਬਰ 1 ਨੇੜੇ ਜ਼ਖ਼ਮੀ ਹਾਲਤ 'ਚ ਪਿਆ ਸੀ। ਜਦੋਂ ਰੇਲਵੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਇਕ 32 ਸਾਲਾ ਨੌਜਵਾਨ, ਜਿਸ ਦੇ ਢਿੱਡ ਨੇੜੇ ਗੋਲੀ ਵੱਜੀ ਹੋਣ ਕਾਰਨ ਗੰਭੀਰ ਜ਼ਖ਼ਮੀ ਹਾਲਤ 'ਚ ਸੀ। ਜਿਸ ਨੂੰ ਇਲਾਜ ਲਈ ਸਿਵਲ ਹਪਸਤਾਲ ਰਾਜਪੁਰਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕਰ ਦਿਤਾ ਹੈ।
ਪਤਾ ਲਗਿਆ ਹੈ ਕਿ ਜ਼ਖ਼ਮੀ ਵਿਅਕਤੀ ਦਾ ਨਾਂ ਜਸਪਾਲ ਸਿੰਘ ਵਾਸੀ ਪਟਿਆਲਾ ਹੈ। ਵਿਭਾਗੀ ਸੂਤਰਾਂ ਮੁਤਾਬਕ ਇਹ ਘਟਨਾ ਅੱਜ ਤੜਕੇ 2 ਵਜੇ ਤੋਂ ਬਾਅਦ ਦੀ ਹੈ। ਜਿਸ 'ਤੇ ਉਕਤ ਨੌਜਵਾਨ ਪਟਿਆਲਾ ਵੱਲ ਤੋਂ ਜਦੋਂ ਰਾਜਪੁਰਾ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਚੜ੍ਹਨ ਲਈ ਅਪਣਾ ਮੋਟਰਸਾਈਕਲ ਸਟੈਂਡ 'ਚ ਲਗਾ ਕੇ ਰੇਲਵੇ ਪਲੇਟਫ਼ਾਰਮ ਨੰਬਰ 1 ਨੇੜੇ ਖੜ੍ਹਾ ਸੀ।
ਜਿਸ 'ਤੇ ਪੁਰਾਣੀ ਰੰਜਿਸ਼ ਦੇ ਚਲਦਿਆਂ ਉਸ ਦਾ ਪਹਿਲਾਂ ਤੋਂ ਹੀ ਪਿੱਛਾ ਕਰ ਰਹੇ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਹਵਾਈ ਫ਼ਾਇਰ ਕਰਨ ਤੋਂ ਬਾਅਦ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪਤਾ ਲਗਿਆ ਹੈ ਕਿ ਹਮਲਾਵਰ ਅਪਣੀਆਂ ਗੱਡੀਆਂ ਸਟੇਸ਼ਨ ਨੇੜੇ ਹੀ ਛੱਡ ਗਏ ਹਨ, ਜਿਨ੍ਹਾਂ ਨੂੰ ਰੇਲਵੇ ਪੁਲਿਸ ਨੇ ਅਪਣੀ ਹਿਰਾਸਤ 'ਚ ਲੈ ਲਿਆ ਹੈ।