
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵਿਦੇਸ਼ ਅਧਾਰਤ ਅਤਿਵਾਦੀ ਮਾਡਿਊਲ ਵਲੋਂ ਕੀਤੀ ਜਾਣ ਵਾਲੀ ਟਾਰਗੇਟ ਕਿਲਿੰਗ ਦੀ ਕੋਸ਼ਿਸ਼ ਨਾਕਾਮ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੰਜਾਬ ਪੁਲਿਸ ਨੇ ਵਿਦੇਸ਼-ਅਧਾਰਤ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਦੇ ਪੰਜ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਆਜ਼ਾਦੀ ਦਿਵਸ ਤੋਂ ਪਹਿਲਾਂ ਪਾਕਿ-ਆਈ.ਐਸ.ਆਈ. ਦੀ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਗੌਰਵ ਯਾਦਵ ਨੇ ਅੱਜ ਇਥੇ ਦਸਿਆ ਕਿ ਇਹ ਸੂਹ ਮਿਲਣ ਕਿ ਵਿਦੇਸ਼ਾਂ ਅਧਾਰਤ ਕੁਝ ਅਤਿਵਾਦੀ ਅਨਸਰਾਂ ਨੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਜੇਲ੍ਹਾਂ ਵਿਚ ਬੰਦ ਅਪਰਾਧੀਆਂ ਰਾਹੀਂ ਆਪਣੇ ਗਿਰੋਹ ਵਿਚ ਮੈਂਬਰਾਂ ਨੂੰ ਸ਼ਾਮਲ ਕਰਕੇ ਮਾਡਿਊਲ ਤਿਆਰ ਕੀਤਾ ਹੈ, ਜੋ ਘੱਟ ਗਿਣਤੀਆਂ ਦੇ ਆਗੂਆਂ, ਪੁਲਿਸ ਅਧਿਕਾਰੀਆਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ, ਤਾਂ ਐਸ.ਏ.ਐਸ. ਨਗਰ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐਸਐਸਓਸੀ) ਨੇ ਤੁਰੰਤ ਕੇਸ ਦਰਜ ਕਰਕੇ ਵਿਸ਼ੇਸ਼ ਆਪਰੇਸ਼ਨ ਸ਼ੁਰੂ ਕਰ ਦਿਤਾ।
ਡੀ.ਜੀ.ਪੀ. ਗੌਰਵ ਯਾਦਵ ਨੇ ਅੱਗੇ ਦਸਿਆ ਕਿ ਲਗਭਗ ਦੋ ਹਫ਼ਤਿਆਂ ਤਕ ਚੱਲੇ ਆਪ੍ਰੇਸ਼ਨ, ਜਿਸ ਵਿਚ ਸੂਝ-ਬੂਝ ਨਾਲ ਖੁਫੀਆ ਜਾਣਕਾਰੀ ਇਕੱਠੀ ਕਰਨ, ਤਕਨੀਕੀ ਵਿਸ਼ਲੇਸ਼ਣ ਅਤੇ ਤੇਜ਼ੀ ਨਾਲ ਕਾਰਵਾਈ ਦੇ ਚਲਦਿਆਂ ਪੰਜਾਬ ਪੁਲਿਸ ਨੂੰ ਇਸ ਨਾਪਾਕ ਸਾਜ਼ਿਸ਼ ਵਿਚ ਸ਼ਾਮਲ ਅਤਿਵਾਦੀ ਮਾਡਿਊਲ ਦੇ ਪੰਜ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਮਿਲੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਨਵੇਂ ਬਣੇ ਮਾਡਿਊਲ ਦੇ ਸਬੰਧ ਉਨ੍ਹਾਂ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਣ ਬਾਰੇ ਪਤਾ ਚੱਲਿਆ ਹੈ, ਜਿਨ੍ਹਾਂ ਨੇ 24 ਜੂਨ, 2023 ਨੂੰ ਬਟਾਲਾ ਵਿਚ ਰਾਜੀਵ ਮਹਾਜਨ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਹ ਸੂਬੇ ਵਿਚ ਮਿੱਥ ਕੇ ਕਤਲ ਦੀਆਂ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਇਨ੍ਹਾਂ ਕਾਰਕੁਨਾਂ ਰਾਹੀਂ ਇਸ ਵੱਖਰੇ ਮਾਡਿਊਲ ਨੂੰ ਚਲਾ ਰਹੇ ਸਨ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੇ.ਐਲ.ਐਫ ਦੇ ਕਾਰਕੁਨ ਫਰਜ਼ੀ ਨਾਮ ਰਣਜੋਧ ਸਿੰਘ ਦੀ ਵਰਤੋਂ ਕਰਕੇ ਭਾਰਤ ਵਿਚ ਨੌਜਵਾਨਾਂ ਦੀ ਪਛਾਣ ਕਰ ਰਹੇ ਹਨ ਅਤੇ ਜੇਲ੍ਹ ਵਿਚ ਬੰਦ ਅਪਰਾਧੀਆਂ ਰਾਹੀਂ ਗਿਰੋਹ ਵਿਚ ਮੈਂਬਰ ਭਰਤੀ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਫਿਰ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਅਜਿਹੇ ਨੌਜਵਾਨਾਂ ਨੂੰ ਭਰਮਾਉਂਦੇ ਹਨ ਅਤੇ ਸੂਬੇ ਵਿਚ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਸਤੇ ਉਹਨਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰਦੇ ਹਨ। ਡੀ.ਜੀ.ਪੀ. ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਪੁਲਿਸ ਸੂਬੇ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ।
ਇਸ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਅਸ਼ਵਨੀ ਕਪੂਰ ਨੇ ਦਸਿਆ ਕਿ ਇਹ ਪਤਾ ਲੱਗਿਆ ਹੈ ਕਿ ਕੇ.ਐਲ.ਐਫ. ਦੇ ਵਿਦੇਸ਼ ਅਧਾਰਤ ਹੈਂਡਲਰਾਂ ਨੇ ਮਾਡਿਊਲ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਏ ਜਾਣ ਵਾਲੇ ਵਿਅਕਤੀਆਂ ਦੀ ਸੂਚੀ ਪ੍ਰਦਾਨ ਕੀਤੀ ਸੀ ਅਤੇ ਉਨ੍ਹਾਂ ਨੇ ਪਹਿਲਾਂ ਹੀ ਕੁੱਝ ਵਿਅਕਤੀਆਂ ਦੀ ਰੇਕੀ ਵੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153, 153-ਏ ਅਤੇ 120-ਬੀ, ਆਰਮਜ਼ ਐਕਟ ਦੀ ਧਾਰਾ 25 (7) ਅਤੇ 25 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀ ਧਾਰਾ 18 ਅਤੇ 20 ਤਹਿਤ ਥਾਣਾ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।