
ਅੱਤਵਾਦੀ ਚੀਨੀ ਨਾਗਰਿਕਾਂ ਸਮੇਤ ਵਿਦੇਸ਼ੀਆਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ
ਲਾਹੌਰ : ਪਾਕਿਸਤਾਨ ਵਿਚ ਪੁਲਿਸ ਨੇ ਇਕ ਵੱਡੇ ਅੱਤਵਾਦੀ ਹਮਲੇ ਨੂੰ ਟਾਲਦਿਆਂ 10 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀ ਚੀਨੀ ਨਾਗਰਿਕਾਂ ਸਮੇਤ ਵਿਦੇਸ਼ੀਆਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਪੰਜਾਬ ਸੂਬੇ ਵਿਚ ਮੁਹੱਰਮ ਰੈਲੀ ਵਿਚ ਵਿਘਨ ਪਾਉਣ ਦੀ ਯੋਜਨਾ ਬਣਾ ਰਹੇ ਸਨ।
ਪੰਜਾਬ ਪੁਲਿਸ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਨੇ ਸੂਬੇ ਦੇ ਲਾਹੌਰ, ਅਟਕ, ਸਰਗੋਧਾ, ਗੁਜਰਾਂਵਾਲਾ, ਮੁਲਤਾਨ ਅਤੇ ਡੇਰਾ ਗਾਜ਼ੀ ਖਾਨ ਜ਼ਿਲ੍ਹਿਆਂ ਵਿਚ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਅਪਰੇਸ਼ਨਾਂ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ।
ਸੀਟੀਡੀ ਨੇ ਇੱਕ ਬਿਆਨ ਵਿਚ ਕਿਹਾ, "ਪੰਜਾਬ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ 10 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਚੀਨੀ ਨਾਗਰਿਕਾਂ ਸਮੇਤ ਵਿਦੇਸ਼ੀ ਨਾਗਰਿਕਾਂ 'ਤੇ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਟਾਲ ਦਿਤਾ।"
ਬਿਆਨ ਮੁਤਾਬਕ ਸ਼ੱਕੀ ਅੱਤਵਾਦੀ ਪਾਬੰਦੀਸ਼ੁਦਾ ਸੰਗਠਨ ਤਹਿਰੀਕ ਤਾਲਿਬਾਨ ਪਾਕਿਸਤਾਨ (ਟੀਟੀਪੀ), ਦਾਏਸ਼ (ਆਈਐਸਆਈਐਸ), ਸਿਪਾਹ-ਏ-ਸਹਾਬਾ ਪਾਕਿਸਤਾਨ ਅਤੇ ਲਸ਼ਕਰ ਝਾਂਗਵੀ (ਐਲਈਜੇ) ਨਾਲ ਸਬੰਧਤ ਹਨ।
ਅੱਤਵਾਦੀਆਂ ਦੇ ਕਬਜ਼ੇ 'ਚੋਂ 6 ਹੈਂਡ ਗ੍ਰੇਨੇਡ, ਇਕ ਆਈ.ਈ.ਡੀ., 893 ਗ੍ਰਾਮ ਵਿਸਫੋਟਕ, ਸੱਤ ਡੈਟੋਨੇਟਰ ਆਦਿ ਸਮੇਤ ਪਾਬੰਦੀਸ਼ੁਦਾ ਸੰਗਠਨਾਂ ਦਾ ਸਾਹਿਤ ਬਰਾਮਦ ਕੀਤਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ, "ਅੱਤਵਾਦੀ ਸੂਬੇ ਵਿਚ ਮੁਹੱਰਮ ਦੀ ਰੈਲੀ ਵਿਚ ਵਿਘਨ ਪਾਉਣ ਤੋਂ ਇਲਾਵਾ ਮਹੱਤਵਪੂਰਨ ਅਦਾਰਿਆਂ, ਧਾਰਮਕ ਸਥਾਨਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।"
ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਅਣਦੱਸੀਆਂ ਥਾਵਾਂ 'ਤੇ ਲਿਜਾਇਆ ਗਿਆ ਹੈ।