
ਮੋਗਾ 'ਚ ਸਿੱਖ ਪ੍ਰਵਾਰ ਨੇ ਮਸਜਿਦ ਲਈ 16 ਮਰਲੇ ਜ਼ਮੀਨ ਦਾਨ ਦਿਤੀ
ਮੋਗਾ (ਅਮਜ਼ਦ ਖ਼ਾਨ) : ਭਾਈਚਾਰਕ ਸਾਂਝ ਬਰਕਰਾਰ ਰਖੱਣ ਲਈ ਇਕ ਸਿੱਖ ਪਰਵਾਰ ਨੇ ਮਸਜਿਦ ਲਈ ਜ਼ਮੀਨ ਦਾਨ ਕਰ ਦਿਤੀ। ਮੋਗਾ ਦੇ ਪਿੰਡ ਮਾਛੀਕੇ ਵਿਚ ਇਕ ਸਿੱਖ ਪ੍ਰਵਾਰ ਨੇ ਮੁਸਲਿਮ ਭਾਈਚਾਰੇ ਨੂੰ ਮਸੀਤ ਬਣਾਉਣ ਲਈ 16 ਮਰਲੇ ਜ਼ਮੀਨ ਦਾਨ ਦਿਤੀ ਹੈ।
ਪਿੰਡ ਦੀ 250 ਸਾਲ ਪੁਰਾਣੀ ਮਸੀਤ ਇਕ ਹਾਈਵੇ ਪ੍ਰਾਜੈਕਟ ਦੀ ਜ਼ਦ ਵਿਚ ਆ ਗਈ ਸੀ, ਜਿਸ ਕਰ ਕੇ ਪਿੰਡ ਦਾ ਮੁਸਲਿਮ ਭਾਈਚਾਰਾ ਕਾਫੀ ਮਾਯੂਸ ਹੋ ਗਿਆ ਸੀ।
ਮਸੀਤ ਦੀ ਮੁੜ ਉਸਾਰੀ ਲਈ ਮੁਸਲਿਮ ਭਾਈਚਾਰੇ ਵਲੋਂ ਸਰਕਾਰੀ ਦਫ਼ਤਰਾਂ ਦੇ ਕਈ ਗੇੜੇ ਲਾਏ ਗਏ। ਸਿਆਸੀ ਨੁਮਾਇੰਦਿਆਂ ਕੋਲ ਵੀ ਪਹੁੰਚ ਕੀਤੀ ਗਈ।
ਕਾਫੀ ਮੁਸ਼ੱਕਤ ਤੋਂ ਬਾਅਦ ਮਸੀਤ ਬਣਾਉਣ ਲਈ ਪੰਚਾਇਤ ਦੀ ਜ਼ਮੀਨ ਮਿਲੀ ਪਰ ਇਹ ਜ਼ਮੀਨ ਪਿੰਡ ਤੋਂ ਕਾਫੀ ਦੂਰ ਸੀ। ਮੁਸਲਿਮ ਭਾਈਚਾਰੇ ਦਾ ਦਰਦ ਸਮਝਦਿਆਂ ਦਰਸ਼ਨ ਸਿੰਘ ਦਾ ਪ੍ਰਵਾਰ ਅੱਗੇ ਆਇਆ ਅਤੇ ਅਪਣੀ 16 ਮਰਲੇ ਜ਼ਮੀਨ ਮਸੀਤ ਬਣਾਉਣ ਲਈ ਦਾਨ ਦੇ ਦਿਤੀ।
ਇਸ ਖ਼ਬਰ ਨੇ ਮੁਸਲਿਮ ਭਾਈਚਾਰੇ ਦੇ ਚਿਹਰੇ ਉਤੇ ਮੁੜ ਰੌਣਕ ਲਿਆ ਦਿਤੀ ਹੈ ਅਤੇ ਉਹ ਇਸ ਸਿੱਖ ਪ੍ਰਵਾਰ ਦਾ ਧਨਵਾਦ ਕਰਦੇ ਨਹੀਂ ਥੱਕ ਰਹੇ।