
ਜੀਓ ਦੇ ਸਿਮ ਦੂਜੀਆਂ ਕੰਪਨੀਆਂ ਵਿਚ ਬਦਲਾਉਣ ਦੀ ਮੁਹਿੰਮ ਜਾਰੀ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ ਕਾਰਪੋਰੇਟ ਘਰਾਣਿਆਂ ’ਤੇ ਦਬਾਅ ਵਧਦਾ ਜਾ ਰਿਹਾ ਹੈ। ਪੰਜਾਬ ਅੰਦਰੋਂ ਕਾਰਪੋਰੇਟ ਘਰਾਣਿਆਂ ਖਿਲਾਫ਼ ਸ਼ੁਰੂ ਹੋਈ ਮੁਹਿੰਮ ਹੁਣ ਦੇਸ਼ ਵਿਆਪੀ ਰੂਪ ਧਾਰਨ ਕਰਦੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵਲੋਂ ਰਿਲਾਇਸ ਦੇ ਜੀਓ ਸਿੰਮ ਬੰਦ ਕਰਵਾਉਣ ਦੇ ਸੱਤੇ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਮੋਬਾਈਲ ਟਾਵਰਾਂ ’ਤੇ ਲਗਾਤਾਰ ਨਿਕਲ ਰਿਹਾ ਹੈ। ਇਸੇ ਦੌਰਾਨ ਜੀਓ ਦੇ ਵੱਡੀ ਗਿਣਤੀ ਟਾਵਰ ਪੰਜਾਬ ਅੰਦਰ ਬੰਦ ਕਰਵਾਏ ਜਾ ਚੁੱਕੇ ਹਨ।
Mobile Tower
ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚਿਆਂ ਦੀ ਪੜ੍ਹਾਈ ਦਾ ਹਵਾਲਾ ਦਿੰਦਿਆਂ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ਼ ਕਾਰਵਾਈ ਦੇ ਨਿਰਦੇਸ਼ ਦਿਤੇ ਗਏ ਹਨ। ਇਸ ਤੋਂ ਬਾਅਦ ਮੋਬਾਈਲ ਟਾਵਰਾਂ ਖਿਲਾਫ਼ ਵਿੱਢੀ ਮੁਹਿੰਮ ’ਚ ਜੁਟੇ ਕਿਸਾਨਾਂ ਅੰਦਰ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਅੰਡਾਨੀ ਤੇ ਅੰਬਾਨੀ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਅਦਾਰਿਆਂ ਦੇ ਬਾਈਕਾਟ ਦਾ ਸੱਦਾ ਦੇਣ ਬਾਅਦ ਕਸਬਾ ਕਿਸ਼ਨਪੁਰਾ ਕਲਾਂ ਤੇ ਕੰਨੀਆ ਕਲਾਂ ਅੰਦਰ ਲਗਾਏ ਗਏ ਜੀਓ ਕੰਪਨੀ ਦੇ ਨੈੱਟਵਰਕ ਟਾਵਰ ਦਾ ਭਾਕਿਯੂ ਏਕਤਾ ਉਗਰਾਹਾਂ ਦੇ ਸਾਬਕਾ ਇਕਾਈ ਪ੍ਰਧਾਨ ਤੇ ਹੋਰ ਵਰਕਰਾਂ ਨੇ ਕੁਨੈਕਸ਼ਨ ਕੱਟ ਦਿਤਾ ਸੀ।
Mobile Tower
ਮੁੱਖ ਮੰਤਰੀ ਦੀ ਚਿਤਾਵਨੀ ਤੋਂ ਬਾਅਦ ਕਸਬੇ ਅੰਦਰ ਜੀਓ ਨੈੱਟਵਰਕ ਦੇ ਕੱਟੇ ਹੋਏ ਕੁਨੈਕਸ਼ਨ ਨੂੰ ਦੁਬਾਰਾ ਜੋੜਣ ਦੀ ਕੋਸ਼ਿਸ਼ ਹੋ ਰਹੀ ਹੈ। ਪਿੰਡ ਦੇ ਨੌਜਵਾਨਾਂ ਮੁਤਾਬਕ ਭਾਕਿਯੂ ਇਕਾਈ ਸਾਬਕਾ ਪ੍ਰਧਾਨ ਨੇ ਪਹਿਲਾਂ ਸਾਨੂੰ ਜੀਓ ਟਾਵਰ ਦਾ ਨੈੱਟਵਰਕ ਕੁਨੈਕਸ਼ਨ ਕੱਟਣ ਲਈ ਉਕਸਾਇਆ ਅਤੇ ਟਾਵਰ ਦਾ ਨੈੱਟਵਰਕ ਕੁਨੈਕਸ਼ਨ ਚਾਲੂ ਕਰਾਉਣ ਲਈ ਸਹਿਮਤੀ ਪ੍ਰਗਟ ਦਿਤੀ ਹੈ ਜਿਸ ਤੋਂ ਉਹ ਡਾਢੇ ਪ੍ਰੇਸ਼ਾਨ ਹਨ।
jio
ਮੋਬਾਈਲ ਟਾਵਰਾਂ ਖਿਲਾਫ਼ ਮੁਹਿੰਮ ਵਿੱਢਣ ਵਾਲੀਆਂ ਧਿਰਾਂ ਮੁਤਾਬਕ ਉਨ੍ਹਾਂ ਵਲੋਂ ਸਿਰਫ਼ ਰਿਲਾਇਸ ਜੀਓ ਦੇ ਮੋਬਾਈਲ ਟਾਵਰ ਹੀ ਬੰਦ ਕਰਵਾਏ ਜਾ ਰਹੇ ਹਨ। ਸੰਘਰਸ਼ੀ ਧਿਰਾਂ ਦਾ ਕਹਿਣਾ ਹੈ ਕਿ ਰਿਲਾਇਸ ਨੇ ਜੀਓ ਦਾ ਸਾਮਰਾਜ ਗ਼ਲਤ ਬਿਆਨੀ ਦੇ ਅਧਾਰ ’ਤੇ ਕਾਇਮ ਕੀਤਾ ਹੈ। ਪਹਿਲਾਂ ਲੋਕਾਂ ਨੂੰ ਜੀਓ ਦੇ ਸਿਮ ਅਤੇ ਡਾਟਾ ਮੁਫ਼ਤ ਮੁਹੱਈਆ ਕਰਵਾਇਆ ਗਿਆ। ਜਦੋਂ ਵੱਡੀ ਗਿਣਤੀ ਲੋਕ ਇਸ ਜੀਓ ਦੇ ਸਿਮ ਵਰਤਣ ਲੱਗ ਪਏ ਤਾਂ ਹੁਣ ਕੰਪਨੀ ਵਲੋਂ ਮਨਮਰਜ਼ੀ ਦੇ ਰੇਟ ਵਸੂਲੇ ਜਾ ਰਹੇ ਹਨ।
jio connection
ਸੰਘਰਸ਼ੀ ਧਿਰਾਂ ਮੁਤਾਬਕ ਉਹ ਰਿਲਾਇਸ ਕੰਪਨੀ ਦਾ ਤਰੀਕਾ ਹੂਬਹੂ ਖੇਤੀ ਕਾਨੂੰਨਾਂ ਨਾਲ ਮਿਲਦਾ-ਜੁਲਦਾ ਹੈ। ਜਿਸ ਤਰ੍ਹਾਂ ਇਨ੍ਹਾਂ ਕਾਰਪੋਰੇਟ ਘਰਾਦਿਆਂ ਨੇ ਦੂਜੀਆਂ ਮੋਬਾਈਲ ਕੰਪਨੀਆਂ ਦਾ ਲੱਕ ਤੋੜਿਆ ਹੈ, ਇਸੇ ਤਰ੍ਹਾਂ ਇਹ ਪ੍ਰਚੱਲਤ ਮੰਡੀ ਸਿਸਟਮ ਨੂੰ ਤਹਿਸ-ਨਹਿਸ਼ ਕਰਨ ਦੀ ਤਾਕ ਵਿਚ ਹਨ। ਸੰਘਰਸ਼ੀ ਧਿਰਾਂ ਦਾ ਦੂਜਾ ਮਕਸਦ ਕਾਰਪੋਰੇਟ ਘਰਾਣਿਆਂ ਨੂੰ ਵਿੱਤੀ ਨੁਕਸਾਨ ਪਹੁੰਚਾ ਕੇ ਸਰਕਾਰ ’ਤੇ ਦਬਾਅ ਬਣਾਉਣਾ ਹੈ, ਤਾਂ ਜੋ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਲਈ ਰਾਜ਼ੀ ਹੋ ਜਾਵੇ।
Jio User
ਮੁੱਖ ਮੰਤਰੀ ਸਮੇਤ ਭਾਜਪਾ ਆਗੂਆਂ ਵਲੋਂ ਮੋਬਾਈਲ ਟਾਵਰਾਂ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਸਬੰਧੀ ਕੀਤੇ ਜਾ ਰਹੇ ਦਾਅਵੇ ’ਤੇ ਸਵਾਲ ਚੁਕਦਿਆਂ ਸੰਘਰਸ਼ੀ ਧਿਰਾਂ ਨੇ ਕਿਹਾ ਕਿ ਜਦੋਂ ਜੀਓ ਮੋਬਾਈਲ ਟਾਵਰ ਨਹੀਂ ਸਨ, ਉਸ ਸਮੇਂ ਮੋਬਾਈਲ ਸੇਵਾ ਕਿਵੇਂ ਚਲਦੀ ਸੀ। ਮੋਬਾਈਲ ਸਿਮ ਦੂਜੀਆਂ ਕੰਪਨੀਆਂ ’ਚ ਬਦਲਾਉਣ ਦਾ ਕੰਮ ਵੱਡੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਦੂਜੀਆਂ ਕੰਪਨੀਆਂ ਦੀ ਸੇਵਾ ਜਾਰੀ ਹੈ। ਅਜਿਹੇ ’ਚ ਰਿਲਾਂਇਸ ਜੀਓ ਦੇ ਟਾਵਰ ਬੰਦ ਹੋਣ ਜਾਣ ਦੀ ਸੂਰਤ ਵਿਚ ਬੱਚਿਆਂ ਦੀ ਪੜ੍ਹਾਈ ’ਤੇ ਅਸਰ ਪੈਣ ਦੇ ਦਾਅਵੇ ਪੂਰੀ ਤਰ੍ਹਾਂ ਸਹੀ ਨਹੀਂ ਹਨ। ਸੰਘਰਸ਼ੀ ਧਿਰਾਂ ਮੁਤਾਬਕ ਦੂਜੀਆਂ ਕੰਪਨੀਆਂ ਵਲੋਂ ਅਪਣੀਆਂ ਸੇਵਾਵਾਂ ’ਚ ਬਿਹਤਰੀ ਲਿਆਉਣ ਬਾਅਦ ਮਸਲਾ ਹੱਲ ਹੋ ਜਾਵੇਗਾ।