
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਹੜਤਾਲ ਕਾਰਨ ਬਹਿਬਲ ਕਲਾਂ ਗੋਲੀਕਾਂਡ ਦੇ ਤਿੰਨ ਮੁਲਜ਼ਮ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ...
ਕੋਟਕਪੂਰਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਹੜਤਾਲ ਕਾਰਨ ਬਹਿਬਲ ਕਲਾਂ ਗੋਲੀਕਾਂਡ ਦੇ ਤਿੰਨ ਮੁਲਜ਼ਮ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਬਾਰੇ ਫ਼ੈਸਲਾ ਅੱਜ ਨਾ ਸੁਣਾਇਆ ਜਾ ਸਕਿਆ ਤੇ ਹੁਣ ਅਰਜ਼ੀਆਂ 'ਤੇ ਬਹਿਸ 1 ਫ਼ਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਉਕਤ ਘਟਨਾਕ੍ਰਮ ਨਾਲ ਪਹਿਲਾਂ ਤੋਂ ਹੀ ਜ਼ਮਾਨਤ ਲਈ ਤਰਲੋਮੱਛੀ ਹੋ ਰਹੇ ਪੁਲਿਸ ਅਧਿਕਾਰੀਆਂ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਹੋਣਾ ਸੁਭਾਵਕ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਮਗਰੋਂ 11 ਅਗੱਸਤ 2018 ਨੂੰ ਥਾਣਾ ਬਾਜਾਖ਼ਾਨਾ 'ਚ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸ.ਪੀ. ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ ਸਮੇਤ ਚਾਰ ਹੋਰ ਪੁਲਿਸ ਮੁਲਾਜ਼ਮਾਂ 'ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ 'ਚੋਂ ਚਰਨਜੀਤ ਸ਼ਰਮਾ ਨੂੰ ਐਸਆਈਟੀ ਵਲੋਂ ਕਾਬੂ ਕੀਤਾ ਜਾ ਚੁੱਕਾ ਹੈ
ਅਤੇ ਐਸ.ਪੀ. ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਸੋਮਵਾਰ ਜਦਕਿ ਬਾਜਾਖ਼ਾਨਾ ਦੇ ਤਤਕਾਲੀ ਥਾਣਾ ਮੁਖੀ ਅਮਰਜੀਤ ਸਿੰਘ ਕੁਲਾਰ ਨੇ ਮੰਗਲਵਾਰ ਨੂੰ ਅਦਾਲਤ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਪਰ ਇਸ 'ਤੇ ਬਹਿਸ ਨਹੀਂ ਹੋ ਸਕੀ। ਉਧਰ, ਗੋਲੀਬਾਰੀ 'ਚ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਵੀ ਅਪਣੇ ਵਕੀਲ ਰਾਹੀਂ ਉਕਤ ਤਿੰਨਾਂ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਅਰਜ਼ੀ ਨਾ ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ।
ਫ਼ਰੀਦਕੋਟ ਕਚਹਿਰੀਆਂ 'ਚ ਸੁਖਰਾਜ ਸਿੰਘ ਨੇ ਅਪਣੇ ਸਾਥੀਆਂ ਸਮੇਤ ਐਡਵੋਕੇਟ ਸਿਮਰਜੀਤ ਸਿੰਘ ਸੇਖੋਂ ਨਾਲ ਅਦਾਲਤੀ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਬੀਤੀ 27 ਜਨਵਰੀ ਨੂੰ ਚੰਡੀਗੜ੍ਹ ਵਿਖੇ ਸਿੱਖ ਸੰਘਰਸ਼ ਨਾਲ ਸਬੰਧਤ ਕੇਸਾਂ ਦੀ ਪੈਰਵਾਈ ਕਰਨ ਲਈ ਜਿਸ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਉਸ ਕਮੇਟੀ ਦੇ ਮੈਂਬਰ ਪ੍ਰ੍ਰੋ. ਬਲਜਿੰਦਰ ਸਿੰਘ ਵੀ ਅਪਣੇ ਸਾਥੀਆਂ ਭਾਈ ਸੁਖਜੀਤ ਸਿੰਘ ਖੋਸਾ ਅਤੇ ਭਾਈ ਮਹਾਂਵੀਰ ਸਿੰਘ ਸੁਲਤਾਨਵਿੰਡ ਨਾਲ ਇਥੇ ਪੁੱਜੇ ਹਨ।