
ਗਿ.ਗੁਰਬਚਨ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,''ਬਹਿਬਲ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ.......
ਅੰਮ੍ਰਿਤਸਰ : ਗਿ.ਗੁਰਬਚਨ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,''ਬਹਿਬਲ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸ.ਆਈ.ਟੀ ਦੀ ਟੀਮ ਅਤੇ ਉਸ ਟੀਮ ਦੇ ਅਫ਼ਸਰਾਂ ਦਾ ਮੈਂ ਸਤਿਕਾਰ ਕਰਦਾ ਹਾਂ। ਅਕਾਲ ਤਖਤ ਸਾਹਿਬ ਦਾ ਜਥੇਦਾਰ ਰਹਿਣ ਦੇ ਨਾਤੇ ਮੈਂ ਕਿਸੇ ਵੀ ਐਸ.ਆਈ.ਟੀ ਦੇ ਸਾਹਮਣੇ ਨਹੀਂ ਜਾ ਸਕਦਾ। ਇਹ ਮੇਰੇ ਅਹੁਦੇ ਵਿਰੁਧ ਹੈ, ਜੇਕਰ ਮੇਰੇ ਕੋਲੋਂ ਐਸ.ਆਈ.ਟੀ ਟੀਮ ਕੋਈ ਪੁਛਗਿਛ ਕਰਨਾ ਚਾਹੁੰਦੀ ਹੈ
ਤਾਂ ਉਹ ਮੇਰੀ ਰਿਹਾਇਸ਼ 'ਤੇ ਆ ਕੇ ਕਰ ਸਕਦੇ ਹਨ, ਮੈਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵਾਂਗਾ।'' ਦਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਸਰਕਾਰੀ ਕੋਠੀ ਸੱਦ ਕੇ ਸੌਦਾ ਸਾਧ ਨੂੰ ਬਿਨਾਂ ਪੇਸ਼ੀ ਮਾਫ਼ੀ ਦਿਤੀ ਗਈ ਜਿਸ ਨਾਲ ਸਿੱਖਾਂ ਵਿਚ ਰੋਹ ਪੈਦਾ ਹੋ ਗਿਆ।
ਉਸ ਸਮੇਂ ਵਾਪਰੇ ਬਰਗਾੜੀ ਕਾਂਡ 'ਚ ਜਥੇਦਾਰ ਸਾਹਿਬ ਦਾ ਰੋਲ ਨੈਗਟਿਵ ਮੰਨਿਆ ਜਾ ਰਿਹਾ ਹੈ। ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ.ਗੁਰਮੁਖ ਸਿੰਘ ਨੇ ਜਨਤਕ ਤੌਰ 'ਤੇ ਕਿਹਾ ਸੀ, ਜਥੇਦਾਰ ਗੁਰਬਚਨ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਨੂੰ ਚੰਡੀਗੜ੍ਹ ਸਰਕਾਰੀ ਕੋਠੀ ਲਿਜਾਇਆ ਗਿਆ, ਜਿਥੇ ਬਾਦਲਾਂ ਨੇ ਉਨ੍ਹਾਂ ਆਦੇਸ਼ ਦਿਤੇ ਕਿ ਸੌਦਾ ਸਾਧ ਨੂੰ ਬਰੀ ਕੀਤਾ ਜਾਵੇ। ਸੌਦਾ ਸਾਧ ਨੂੰ ਬਰੀ ਕਰਨ 'ਤੇ ਸਿੱਖ ਰੋਹ ਵਧਿਆ ਅਤੇ ਬਰਗਾੜੀ ਮੋਰਚਾ ਲੱਗਾ।