
ਦਿੱਲੀ ’ਚ ਇਜ਼ਰਾਇਲੀ ਸਫ਼ਾਰਤਖ਼ਾਨੇ ਨੇੜੇ ਹੋਇਆ ਧਮਾਕਾ
ਧਮਾਕੇ ਨਾਲ ਨੇੜੇ ਖੜੀਆਂ 4-5 ਕਾਰਾਂ ਦੇ ਸ਼ੀਸ਼ੇ ਟੁੱਟੇ
ਨਵੀਂ ਦਿੱਲੀ, 29 ਜਨਵਰੀ: ਨਵੀਂ ਦਿੱਲੀ ਵਿਚ ਇਜ਼ਰਾਇਲੀ ਸਫ਼ਾਰਤਖ਼ਾਨੇ ਨੇੜੇ ਸ਼ੁਕਰਵਾਰ ਸ਼ਾਮ ਨੂੰ ਇਕ ਬੰਬ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ’ਤੇ ਹਨ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ। ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ।
ਦਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਥਾਂ ਕੋਲ ਖੜੀਆਂ ਚਾਰ ਤੋਂ ਪੰਜ ਗੱਡੀਆਂ ਦੇ ਸ਼ੀਸ਼ੇ ਟੁੱਟੇ ਹਨ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸਾਰੇ ਹਵਾਈ ਅੱਡਿਆਂ, ਮਹੱਤਵਪੂਰਨ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ।
ਦਸਣਯੋਗ ਹੈ ਕਿ ਇਜ਼ਰਾਇਲੀ ਸਫ਼ਾਰਤਖ਼ਾਨਾ ਦਿੱਲੀ ਦੇ ਲੁਟੀਅਨ ਜ਼ੋਨ ਵਿਚ ਹੈ। ਫਿਲਹਾਲ ਕਿਸੇ ਅਤਿਵਾਦੀ ਸਮੂਹ ਨੇ ਇਜ਼ਰਾਇਲੀ ਸਫ਼ਾਰਤਖ਼ਾਨੇ ਨੇੜੇ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਇਹ ਧਮਾਕਾ ਕਿਵੇਂ ਹੋਇਆ, ਇਸ ਦੀ ਜਾਂਚ ਦਿੱਲੀ ਪੁਲਿਸ ਕਰ ਰਹੀ ਹੈ। ਦਿੱਲੀ ਵਿਚ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਵੀ ਅਲਰਟ ਕਰ ਦਿਤਾ ਗਿਆ ਹੈ। ਦਿੱਲੀ ਧਮਾਕਿਆਂ ਤੋਂ ਬਾਅਦ ਦੇਸ਼ ਭਰ ਵਿਚ ਚੌਕਸੀ ਵਧਾ ਦਿਤੀ ਹੈ। ਇਸ ਤਹਿਤ ਮੁੰਬਈ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿਤੇ ਹਨ। (ਏਜੰਸੀ)
ਇਸ ਸਬੰਧ ਵਿਚ ਮੁੰਬਈ ਪੁਲਿਸ ਨੇ ਕਿਹਾ ਕਿ ਅੱਜ ਦਿੱਲੀ ਵਿਚ ਹੋਏ ਧਮਾਕੇ ਤੋਂ ਬਾਅਦ ਅਸੀਂ ਹਾਈ ਅਲਰਟ ਉੱਤੇ ਹਾਂ। ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ।
ਸੀਸੀਟੀਵੀ ਫੁਟੇਜ ਦੇ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਕਿ ਇਕ ਕਾਰ ਚਾਲਕ ਨੇ ਧਮਾਕੇ ਵਾਲੀ ਜਗ੍ਹਾ ’ਤੇ ਬੰਬ ਨੂੰ ਇਕ ਪੈਕੇਟ ਵਿਚ ਸੁੱਟ ਦਿਤਾ ਸੀ। ਕਾਰ ਦੇ ਨੰਬਰ ਦੇ ਆਧਾਰ ਉੱਤੇ ਮਾਲਕ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ। ਸਾਰਾ ਇਲਾਕਾ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। (ਏਜੰਸੀ)