
ਪੇਟੀ ਵਿਚ ਰੱਖੀ ਲਾਸ਼ ਬਰਾਮਦ, 7 ਵਿਰੁਧ ਪਰਚਾ ਦਰਜ
ਬਟਾਲਾ : ਤਾਂਤਰਿਕ ਨਾਲ ਮਿਲੀਭੁਗਤ ਕਰ ਕੇ ਗਰਭਵਤੀ ਔਰਤ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਪੁਲਿਸ ਨੇ ਤਾਂਤਰਿਕ ਔਰਤ ਸਮੇਤ 7 ਵਿਰੁਧ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਦੇ ਐਸ ਐਚ.ਓ. ਹਰਸੰਦੀਪ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬਲਵਿੰਦਰ ਸਿੰਘ ਨੇ ਦਸਿਆ ਕਿ ਉਹ ਪਿਛਲੇ ਕਰੀਬ 4 ਸਾਲ ਤੋਂ ਆਪਣੇ ਨਾਨਕੇ ਪਿੰਡ ਕਾਲਾ ਨੰਗਲ ਵਿਖੇ ਅਪਣੀ ਪਤਨੀ ਜਸਬੀਰ ਕੌਰ ਨਾਲ ਰਹਿੰਦਾ ਆ ਰਿਹਾ ਸੀ। ਉਸਦੀ ਪਤਨੀ ਜਸਬੀਰ ਕੌਰ 7 ਮਹੀਨਿਆਂ ਦੀ ਗਰਭਵਤੀ ਸੀ। 27 ਅਪ੍ਰੈਲ ਨੂੰ ਗੁਆਂਢਣ ਰਵਿੰਦਰ ਕੌਰ ਅਪਣੀ ਸੱਸ ਜੋਗਿੰਦਰ ਕੌਰ ਜਸਬੀਰ ਕੌਰ ਨੂੰ ਨਾਲ ਲੈ ਕੇ ਕਿਤੇ ਚਲੇ ਗਏ।
Jasbir Kaur
ਉਪਰੰਤ ਜਸਬੀਰ ਕੌਰ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀ ਅਤੇ ਉਪਰੰਤ ਬੀਤੀ 28 ਅਪ੍ਰੈਲ ਨੂੰ ਸ਼ਾਮ ਪਿੰਡ ਦੇ ਸਾਬਕਾ ਸਰਪੰਚ ਨਵਦੀਪ ਸਿੰਘ ਅਤੇ ਮੌਜੂਦਾ ਸਰਪੰਚ ਪਰਜਿੰਦਰ ਸਿੰਘ ਨੂੰ ਨਾਲ ਲੈ ਕੇ ਰਵਿੰਦਰ ਕੌਰ ਦੇ ਘਰ ਗਏ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਵਾਪਸ ਚਲੀ ਗਈ ਸੀ। ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਘਰ 'ਚੋਂ ਗੰਦੀ ਬਦਬੂ ਆ ਰਹੀ ਸੀ ਜਿਸ 'ਤੇ ਤਲਾਸ਼ੀ ਲੈਣ 'ਤੇ ਪੇਟੀ 'ਚੋਂ ਜਸਬੀਰ ਕੌਰ ਦੀ ਲਾਸ਼ ਖੂਨ ਨਾਲ ਲਥਪਥ ਪਈ ਹੋਈ ਮਿਲੀ। ਜਿਸਦਾ ਪੇਟ ਕਿਸੇ ਤਿੱਖੀ ਚੀਜ਼ ਨਾਲ ਪਾੜਿਆ ਹੋਇਆ ਸੀ ਅਤੇ ਜਸਬੀਰ ਕੌਰ ਦੇ ਪੇਟ ਵਿਚ ਪਲ ਰਿਹਾ ਬੱਚਾ ਵੀ ਮੌਜੂਦ ਨਹੀਂ ਸੀ।
Pregnant woman murder-1
ਉਨ੍ਹਾਂ ਦਸਿਆ ਕਿ ਇਹ ਕਾਰਾ ਤਾਂਤਰਿਕ ਔਰਤ ਦੀਸ਼ੋ ਉਰਫ ਦੇਵਾ ਦੇ ਕਹਿਣ 'ਤੇ ਕੀਤਾ ਹੈ। ਐੱਸ.ਐੱਚ.ਓ. ਹਰਸੰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਮੌਕੇ ਤੋਂ ਪੂਰਨ ਸਿੰਘ, ਰਵਿੰਦਰ ਕੌਰ ਤੇ ਜੋਗਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਉਨ੍ਹਾਂ ਦੀਆਂ ਤਿੰਨੇ ਲੜਕੀਆਂ ਮੌਕੇ ਤੋਂ ਫਰਾਰ ਹੋ ਗਈਆਂ। ਤਾਂਤਰਿਕ ਔਰਤ ਸਮੇਤ 7 ਜਣਿਆਂ ਵਿਰੁਧ ਮਾਮਲਾ ਦਰਜ ਕਰ ਦਿਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਅਣਜੰਮੇ ਬੱਚੇ ਦੀ ਲਾਸ਼ ਜਿਸ ਨੂੰ ਉਕਤਾਨ ਵਲੋਂ ਜ਼ਮੀਨ ਵਿਚ ਦੱਬ ਦਿੱਤਾ ਗਿਆ ਸੀ, ਨੂੰ ਡਿਊਟੀ ਮੈਜਿਸਟ੍ਰੇਟ ਅਜੈਪਾਲ ਨਾਇਬ ਤਹਿਸੀਲਦਾਰ ਫ਼ਤਿਹਗੜ੍ਹ ਚੂੜੀਆਂ ਦੀ ਹਾਜ਼ਰੀ ਵਿਚ ਕਢਵਾਇਆ ਗਿਆ।
Pregnant woman murder-2