
ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਕੇ ਲਾਸ਼ ਦਰੱਖਤ ਨਾਲ ਲਟਕਾਈ
ਸੰਗਰੂਰ: ਬਿਹਾਰ ਦੇ ਗਯਾ ਜ਼ਿਲ੍ਹੇ ਵਿਚੋਂ ਇਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਸ਼ੇਰੋਂ ਦੇ ਦਲਿਤ ਨੌਜਵਾਨ ਨੂੰ ਬਿਹਾਰ ਦੇ ਗਯਾ ਜ਼ਿਲ੍ਹੇ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕੇ ਲਾਸ਼ ਦਰੱਖ਼ਤ ਨਾਲ ਲਟਕਾ ਦਿੱਤੀ ਗਈ। ਬਿਹਾਰ ਦੇ ਥਾਣਾ ਮੁਫ਼ਲਿਸ ਵਿਚ ਹੱਤਿਆ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮਾਰੇ ਗਏ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਦੇ ਨਾਮ ਨਾਲ ਹੋਈ ਹੈ।
Manpreet Singh
ਮਨਪ੍ਰੀਤ ਸਿੰਘ (27) ਕੰਬਾਈਨ ਦਾ ਡਰਾਈਵਰ ਸੀ ਤੇ 20 ਅਪ੍ਰੈਲ ਨੂੰ ਵਾਢੀ ਦਾ ਸੀਜ਼ਨ ਲਾਉਣ ਲਈ ਪਟਿਆਲਾ ਤੋਂ ਰੇਲ ਗੱਡੀ ਰਾਹੀਂ ਬੰਗਾਲ ਲਈ ਰਵਾਨਾ ਹੋਇਆ ਸੀ। ਮਨਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ 22 ਅਪ੍ਰੈਲ ਨੂੰ ਉਸ ਦੇ ਪੁੱਤਰ ਮਨਪ੍ਰੀਤ ਦਾ ਬਿਹਾਰ ਦੇ ਗਯਾ ਸਟੇਸ਼ਨ ਤੋਂ ਫੋਨ ਆਇਆ ਸੀ ਕਿ ਕੁਝ ਵਿਅਕਤੀਆਂ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ।
Bihar Gaya District
ਇਸ ਦੌਰਾਨ ਗਯਾ ਜ਼ਿਲ੍ਹੇ ਦੇ ਮੁਫ਼ਲਿਸ ਥਾਣੇ ਤੋਂ ਫੋਨ ਰਾਹੀਂ ਮਨਪ੍ਰੀਤ ਦੀ ਹੱਤਿਆ ਦੀ ਸੂਚਨਾ ਮਿਲੀ ਤੇ ਉਹ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਬਿਹਾਰ ਲਈ ਰਵਾਨਾ ਹੋ ਗਏ। ਉੱਥੇ ਜਾ ਕੇ ਪਤਾ ਲੱਗਾ ਕਿ ਮਨਪ੍ਰੀਤ ਬੰਗਾਲ ਨਹੀਂ ਪੁੱਜਾ ਸੀ, ਸਗੋਂ ਉਸ ਨੂੰ ਰਸਤੇ ਵਿਚ ਹੀ ਬਿਹਾਰ ਰਾਜ ਦੇ ਗਯਾ ਜ਼ਿਲ੍ਹੇ ਦੇ ਥਾਣਾ ਮੁਫ਼ਲਿਸ ਦੇ ਪਿੰਡ ਨਾਨਕ ਚੱਕ ਦੇ ਖੇਤਾਂ ਵਿਚ ਮਾਰ ਕੇ ਲਾਸ਼ ਦਰੱਖ਼ਤ ਨਾਲ ਲਟਕਾ ਦਿੱਤੀ ਗਈ ਸੀ। ਸ਼ਨੀਵਾਰ ਨੂੰ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਪਿੰਡ ਸ਼ੇਰੋਂ ਵਿਚ ਲਿਆਂਦਾ ਗਿਆ, ਜਿੱਥੇ ਉਸ ਦਾ ਸਸਕਾਰ ਕੀਤਾ ਗਿਆ।