
ਮੁਲਜ਼ਮ ਨੇ ਅੱਜ ਦਸੂਹਾ ਦੀ ਮਾਣਯੋਗ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ...
ਟਾਂਡਾ : ਪਿੰਡ ਝਾਂਵਾਂ ਵਿਚ ਪਿਛਲੇ ਸਾਲ ਅਗਸਤ ਮਹੀਨੇ ਪਲਾਟ ਦੇ ਰਸਤੇ ਲਈ ਹੋਏ ਝਗੜੇ ਵਿਚ ਇਕ ਵਿਅਕਤੀ ਨੂੰ ਕਤਲ ਕਰਨ ਦੇ ਮਾਮਲੇ ਵਿਚ ਭਗੌੜਾ ਕਰਾਰ ਮੁਲਜ਼ਮ ਨੇ ਅੱਜ ਦਸੂਹਾ ਦੀ ਮਾਣਯੋਗ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਮਾਣਯੋਗ ਜੱਜ ਰੇਣੂ ਗੋਇਲ ਦੀ ਅਦਾਲਤ ਵਿਚ ਆਤਮ-ਸਮਰਪਣ ਕਰਨ ਵਾਲੇ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਸੰਦੀਪ ਪੁੱਤਰ ਸੁਖਦੇਵ ਸਿੰਘ ਨੂੰ ਟਾਂਡਾ ਪੁਲਿਸ ਨੇ ਤਫ਼ਤੀਸ਼ ਵਿਚ ਸ਼ਾਮਲ ਕਰਦੇ ਹੋਏ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
Murder Case
ਪਿੰਡ ਝਾਂਵਾਂ ਵਿਚ ਪਿਛਲੇ ਸਾਲ 30 ਅਗਸਤ ਨੂੰ ਪਲਾਟ ਦੇ ਰਸਤੇ ਲਈ ਹੋਏ ਝਗੜੇ ਵਿਚ ਸੰਦੀਪ ਅਤੇ ਉਸ ਦੋ ਹੋਰ ਪਰਵਾਰਕ ਮੈਂਬਰਾਂ ਅਰਜਨ ਸਿੰਘ, ਸਿਮਰ ਕੌਰ, ਸੁਖਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਮਿਲ ਕੇ ਪਿੰਡ ਦੇ ਹੀ ਹਰਜੀਤ ਸਿੰਘ, ਉਸ ਦੀ ਬੇਟੀ ਮਨਜਿੰਦਰ ਕੌਰ ਅਤੇ ਬੇਟੇ ਹਰਵਿੰਦਰ ਸਿੰਘ ਨੂੰ ਹਥਿਆਰਾਂ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ‘ਚੋਂ ਮੁੱਢਲੀ ਡਾਕਟਰੀ ਸਹਾਇਤਾ ਦਿਵਾਉਣ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਸੀ, ਜਿੱਥੇ ਬਾਅਦ ਵਿਚ ਹਰਜੀਤ ਸਿੰਘ ਦੀ ਮੌਤ ਹੋ ਗਈ ਸੀ।
Murder Case
ਟਾਂਡਾ ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਸੀ ਪਰ ਸੰਦੀਪ ਪੁਲਿਸ ਦੇ ਹੱਥ ਨਹੀਂ ਸੀ ਲੱਗਾ ਅਤੇ ਉਸ ਨੂੰ ਮਾਣਯੋਗ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ। ਟਾਂਡਾ ਪੁਲਿਸ ਦੇ ਐਸਆਈ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਆਤਮ-ਸਮਰਪਣ ਤੋਂ ਬਾਅਦ ਉਨ੍ਹਾਂ ਅਦਾਲਤ ਕੋਲੋਂ ਸੰਦੀਪ ਦਾ ਤਿੰਨ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਉਨ੍ਹਾਂ ਨੂੰ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਉਨ੍ਹਾਂ ਸੰਦੀਪ ਨੂੰ ਤਫ਼ਤੀਸ਼ ਵਿਚ ਸ਼ਾਮਲ ਕਰਕੇ ਪੁਛਗਿਛ ਸ਼ੁਰੂ ਕਰ ਦਿੱਤੀ ਹੈ।