
ਪੁਲੀਸ ਨੇ ਬੀਤੇ ਦਿਨੀਂ ਲਾਲੜੂ ਵਿਖੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ।
ਡੇਰਾਬਸੀ: ਪੁਲੀਸ ਨੇ ਬੀਤੇ ਦਿਨੀਂ ਲਾਲੜੂ ਵਿਖੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਮੁਬਾਰਕਪੁਰ ਡੀਐਸਪੀ ਦਫ਼ਤਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਕਪਤਾਨ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 11 ਅਪ੍ਰੈਲ ਨੂੰ ਲਾਲੜੂ ਦੇ ਪਿੰਡ ਤੋਫ਼ਾਂਪੁਰ ਵਿਖੇ ਖੇਤਾਂ ਵਿਚੋਂ ਇਕ ਨੌਜਵਾਨ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਕਾਤਲਾਂ ਦੀ ਭਾਲ ਲਈ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿਤੀ ਸੀ।
SSP Mohali
ਇਸ ਘਟਨਾ ਵਿਚ ਮ੍ਰਿਤਕ ਦੀ ਸ਼ਨਾਖਤ ਅਨਿਲ ਟਾਂਕ ਪੁੱਤਰ ਕਿਸ਼ਨ ਅਮਰ ਟਾਂਕ ਵਾਸੀ ਮਹੇਸ਼ ਮਾਤਰੇ, ਸ਼ਿਵਾਜੀ ਰੋਡ, ਕਾਂਦੀਵਲੀ ਪੱਛਮ ਮੁੰਬਈ ਦੇ ਤੌਰ ਤੇ ਹੋਈ ਸੀ । ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਹੋਣ ਉਪਰੰਤ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋ ਕੇਸ ਦੀ ਜਾਂਚ ਕੀਤੀ ਗਈ। ਜਿਸਦੇ ਚੱਲਦਿਆਂ ਉਨ੍ਹਾਂ ਨੇ ਦੋਸ਼ੀ ਮੁਹੰਮਦ ਸ਼ਾਹਨਵਾਜ ਪੁੱਤਰ ਅਹਿਮਦ ਅਲੀ ਵਾਸੀ ਧਾਮਪੁਰ ਜ਼ਿਲ੍ਹਾ ਬਿਜਨੌਰ ਯੂਪੀ ਅਤੇ ਮ੍ਰਿਤਕ ਦੀ ਪਤਨੀ ਪੂਜਾ ਉਰਫ ਪੁਸ਼ਪਾ ਨੂੰ ਅੱਜ ਲਾਲੜੂ ਆਈਟੀਆਈ ਚੌਕ ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ।
Murder
ਐਸਐਸਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਪਤਨੀ ਪੂਜਾ ਦੇ ਮੁਹੰਮਦ ਸਾਹਨਵਾਜ ਨਾਲ ਪਿਛਲੇ ਇਕ ਸਾਲ ਤੋਂ ਪ੍ਰੇਮ ਸਬੰਧ ਚੱਲੇ ਆ ਰਹੇ ਸਨ। ਜਿਸ ਦੇ ਚੱਲਦਿਆਂ ਪੂਜਾ ਅਤੇ ਮੁਹੰਮਦ ਸ਼ਾਹਨਵਾਜ ਨੇ ਆਪਣੇ ਪ੍ਰੇਮ ਸਬੰਧਾਂ ਵਿਚ ਰੋੜਾ ਬਣ ਰਹੇ ਅਨਿਲ ਟਾਂਕ ਨੂੰ ਮਾਰ ਦੇਣ ਦੀ ਸਾਜਿਸ਼ ਬਣਾਈ। ਜਿਸ ਦੇ ਤਹਿਤ ਦੋਸ਼ੀ ਮੁਹੰਮਦ ਸ਼ਾਹਨਵਾਜ ਤੇ ਮ੍ਰਿਤਕ ਅਨਿਲ ਟਾਂਕ ਦੀ ਪਤਨੀ ਪੂਜਾ ਨੇ ਅਨਿਲ ਟਾਂਕ ਨੂੰ ਮੋਟਰਸਾਈਕਲ ‘ਤੇ ਸੋਨੀਪਤ ਜਾਣ ਲਈ ਮਜਬੂਰ ਕੀਤਾ ਅਤੇ ਰਸਤੇ ਵਿਚ ਉਹ ਅੰਬਾਲਾ ਨੇੜੇ ਲਾਲੜੂ ਦੇ ਪਿੰਡ ਤੋਫਾਂਪੁਰ ਵਿਖੇ ਇਕ ਦਰਗਾਹ ਤੇ ਮੱਥਾ ਟੇਕਣ ਲਈ ਰੁਕੇ।
Police solved murder case
ਉਕਤ ਦੋਸ਼ੀਆਂ ਨੇ ਦਰਗਾਹ 'ਤੇ ਹੀ ਅਨਿਲ ਟਾਂਕ ਦੇ ਸਿਰ ਵਿਚ ਇੱਟਾਂ ਮਾਰ ਕੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ ਵਿਚ ਸੁੱਟ ਦਿੱਤੀ ਅਤੇ ਉਸਦੀ ਜੇਬ ਵਿਚੋਂ ਸ਼ਨਾਖ਼ਤੀ ਕਾਰਡ ਆਦਿ ਲੈ ਕੇ ਫਰਾਰ ਹੋ ਗਏ। ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਪ੍ਰੇਮੀ ਜੋੜੇ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਹੁਣ ਇਹਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।