
ਪ੍ਰਧਾਨ ਮੰਤਰੀ ਆਪਣੇ ਦੂਜੇ ਕਾਰਜਕਾਲ ਲਈ ਅੱਜ ਸ਼ਾਮ 7 ਵਜੇ ਸਹੁੰ ਚੁੱਕਣਗੇ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਆਪਣੇ ਦੂਜੇ ਕਾਰਜਕਾਲ ਲਈ ਅੱਜ ਸ਼ਾਮ 7 ਵਜੇ ਸਹੁੰ ਚੁੱਕਣਗੇ। ਉਨ੍ਹਾਂ ਨਾਲ ਮੋਦੀ ਕੈਬਨਿਟ ‘ਚ ਸ਼ਾਮਲ ਹੋਣ ਵਾਲੇ ਲੀਡਰਾਂ ਨੂੰ ਵੀ ਸਹੁੰ ਚੁਕਵਾਈ ਜਾਏਗੀ। ਸੂਤਰਾਂ ਮੁਤਾਬਕ ਅੱਜ 50 ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਦੇ ਪਹਿਲੇ ਕਾਰਜਕਾਲ ਦੇ 4-6 ਵੱਡੇ ਚਿਹਰਿਆਂ ਨੂੰ ਛੱਡ ਕੇ ਲਗਪਗ ਸਾਰੇ ਪੁਰਾਣੇ ਚਿਹਰੇ ਹੀ ਇੱਕ ਵਾਰ ਫਿਰ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
Narendra Modi
ਪੰਜਾਬ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਮੰਤਰੀ ਬਣਨਗੇ। ਉਹ ਮੋਦੀ ਦੇ ਪਹਿਲੇ ਕਾਰਜਕਾਲ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਸਨ। ਹੁਸ਼ਿਆਰਪੁਰ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਵੀ ਬਣਨਗੇ ਮੰਤਰੀ। ਐਲਜੇਪੀ ਦੇ ਕੋਟੇ ਵਿੱਚੋਂ ਰਾਮਵਿਲਾਸ ਪਾਸਵਾਨ ਮੰਤਰੀ ਬਣਨਗੇ। ਦੱਸ ਦੇਈਏ ਵਿੱਤ ਮੰਤਰੀ ਰਹੇ ਅਰੁਣ ਜੇਤਲੀ ਸਿਹਤ ਸਬੰਧੀ ਕਾਰਨਾਂ ਕਰਕੇ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਦੀ ਥਾਂ ਪੀਊਸ਼ ਗੋਇਲ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਮੰਤਰੀ ਬਣਨ ਦੇ ਵੀ ਕਿਆਸ ਲਾਏ ਜਾ ਰਹੇ ਹਨ।
Som Parkash
ਸੁਸ਼ਮਾ ਸਵਰਾਜ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਹੈ। ਅਮੇਠੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਸਮ੍ਰਿਤੀ ਇਰਾਨੀ, ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ, ਨਰਿੰਦਰ ਸਿੰਘ ਤੋਮਰ, ਪ੍ਰਕਾਸ਼ ਜਾਵੜੇਕਰ, ਰਵੀ ਸ਼ੰਕਰ ਪ੍ਰਸਾਦ ਤੇ ਧਰਮਿੰਦਰ ਪ੍ਰਧਾਨ ਵਰਗੇ ਸੀਨੀਅਰ ਆਗੂ ਦੂਜੀ ਮੋਦੀ ਸਰਕਾਰ ਵਿੱਚ ਸ਼ਾਮਲ ਹੋ ਸਕਦੇ ਹਨ। ਰਾਜਵਰਧਨ ਸਿੰਘ ਰਾਠੌਰ, ਜਨਰਲ ਵੀਕੇ, ਨਰਿੰਦਰ ਸਿੰਘ ਤੋਮਰ, ਥਾਵਰ ਚੰਦ ਗਹਿਲੋਤ, ਮੁਖਤਾਰ ਅੱਬਾਸ ਨਕਵੀ ਤੇ ਜਿਤੇਂਦਰ ਸਿੰਘ ਨੂੰ ਵੀ ਪਿਛਲੀ ਵਾਰ ਵਾਂਗ ਇਸ ਵਾਰ ਵੀ ਮੰਤਰੀ ਬਣਾਇਆ ਜਾ ਸਕਦਾ ਹੈ।
Harsimrat Kaur Badal