
ਸੁਖਬੀਰ ਨੂੰ ਚੋਣ ਪ੍ਰਚਾਰ ਕੀਤੇ ਬਿਨਾਂ ਹੀ ਮੁੜਨਾ ਪਿਆ ਵਾਪਸ
ਮਾਨਸਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਬਾਦਲ ਦਾ ਕਿਸਾਨ ਜਥੇਬੰਦੀਆਂ ਵਲੋਂ ਬਠਿੰਡਾ ਵਿਚ ਜ਼ਬਰਦਸਤ ਵਿਰੋਧ ਹੋਣ ਦੀ ਖ਼ਬਰ ਮਿਲੀ ਹੈ। ਦਰਅਸਲ, ਸੁਖਬੀਰ ਬਾਦਲ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਭੈਣੀ ਬਾਘਾ ਵਿਚ ਹਰਸਿਮਰਤ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਸਨ ਪਰ ਉਨ੍ਹਾਂ ਨੂੰ ਬਿਨਾਂ ਚੋਣ ਪ੍ਰਚਾਰ ਕੀਤੇ ਹੀ ਵਾਪਸ ਮੁੜਨਾ ਪਿਆ।
Protest against Sukhbir Badal
ਜਾਣਕਾਰੀ ਮੁਤਾਬਕ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਰਕਰਾਂ ਨੇ ਕਿਹਾ ਕਿ ਜਿਹੜਾ ਵੀ ਲੀਡਰ ਉਨ੍ਹਾਂ ਦੇ ਪਿੰਡ ਵਿਚ ਚੋਣ ਪ੍ਰਚਾਰ ਕਰਨ ਆਵੇਗਾ, ਉਸ ਨੂੰ ਪਹਿਲਾਂ ਕਿਸਾਨਾਂ ਦੇ ਸਵਾਲਾਂ ਦਾ ਸੰਤੁਸ਼ਟੀਜਨਕ ਜਵਾਬ ਦੇਣਾ ਪਵੇਗਾ। ਕਿਸਾਨਾਂ ਦੇ ਸਵਾਲ ਸੁਣਨ ਤੋਂ ਪਹਿਲਾਂ ਹੀ ਸੁਖਬੀਰ ਨੇ ਯੂਨੀਅਨ ਦੇ ਵਰਕਰਾਂ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੁਖਬੀਰ ਵਿਰੁਧ ਜੱਮ ਕੇ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਕਾਲੇ ਝੰਡੇ ਵਿਖਾਏ।
Protest against Sukhbir Badal
ਕਿਸਾਨਾਂ ਵਿਚ ਵਧਦਾ ਰੋਸ ਵੇਖ ਸੁਖਬੀਰ ਨੂੰ ਪਿੰਡ ਵਿਚ ਬੋਲਣ ਦਾ ਮੌਕਾ ਨਹੀਂ ਮਿਲਿਆ ਤੇ ਉਨ੍ਹਾਂ ਨੇ ਉੱਥੋਂ ਜਾਣਾ ਹੀ ਠੀਕ ਸਮਝਿਆ।
Protest against Sukhbir Badal
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਖਬੀਰ ਬਾਦਲ ਦਾ ਇਸ ਤਰ੍ਹਾਂ ਵਿਰੋਧ ਹੋਇਆ ਹੋਵੇ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਵਿਰੁਧ ਮੋਰਚਾ ਖੋਲਿਆ ਹੋਇਆ ਹੈ। ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਅਕਾਲੀ ਦਲ ਨੂੰ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਜਾਵੇ ਤੇ ਪਿੰਡ ਵਿਚ ਵੜਨ ਵੀ ਨਾ ਦਿਤਾ ਜਾਵੇ।