
ਜੇਲਾਂ ਅੰਦਰ ਖੁੱਲ੍ਹਣ ਵਾਲੇ ਰਿਟੇਲ ਆਊਟਲੈਟਾਂ 'ਚ ਫੂਡ ਕੋਰਟਜ਼ ਦੇ ਨਾਲ ਪਟਰੌਲ ਸਟੇਸ਼ਨਾਂ ਦੀ ਸੁਵਿਧਾ ਮਿਲੇਗੀ
ਚੰਡੀਗੜ੍ਹ : ਜੇਲ ਵਿਭਾਗ ਵਲੋਂ ਪੰਜਾਬ ਵਿਚਲੀਆਂ ਕੇਂਦਰੀ ਜੇਲ੍ਹਾਂ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦੇ ਰਿਟੇਲ ਆਊਟਲੇਟ ਖੋਲ੍ਹਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਰਗਰਮ ਸਹਾਇਤਾ ਨਾਲ ਇੱਕ ਵੱਡੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਜਾਵੇਗੀ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਬੰਧੀ 3 ਜੂਨ ਨੂੰ ਪਟਿਆਲਾ ਵਿਖੇ ਆਈ.ਓ.ਸੀ. ਨਾਲ ਸਮਝੌਤਾ ਸਹੀਬੱਧ ਕੀਤਾ ਜਾਵੇਗਾ।
Jail
ਸ. ਰੰਧਾਵਾ ਨੇ ਦੱਸਿਆ ਕਿ ਇਸ ਸਬੰਧੀ ਜ਼ਮੀਨ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਪਟਿਆਲਾ, ਲੁਧਿਆਣਾ, ਸੰਗਰੂਰ, ਗੁਰਦਾਸਪੁਰ, ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਜੇਲ ਕੈਦੀਆਂ ਲਈ ਵੱਡੇ ਪੱਧਰ 'ਤੇ ਨੌਕਰੀ ਦੇ ਵਸੀਲੇ ਪੈਦਾ ਹੋਣਗੇ ਕਿਉਂ ਜੋ ਇਨ੍ਹਾਂ ਰੀਟੇਲ ਆਊਟਲੈਟਜ਼ ਵਿਚ ਪਟਰੌਲ ਸਟੇਸ਼ਨਾਂ ਅਤੇ ਫੂਡ ਕੋਰਟਸ ਦੀ ਸੁਵਿਧਾ ਉਪਲੱਬਧ ਹੋਵੇਗੀ।
Sukhjinder Singh Randhawa
ਸ. ਰੰਧਾਵਾ ਨੇ ਕਿਹਾ ਕਿ ਜੇਲ ਕੈਦੀਆਂ ਨੂੰ ਵਰਦੀ ਤਿਆਰ ਕਰਨ ਦੇ ਕਿੱਤੇ ਵਿਚ ਵੀ ਲਗਾਇਆ ਜਾਵੇਗਾ ਜੋ ਪਟਰੌਲ ਸਟੇਸ਼ਨ ਵਿਖੇ ਨੌਕਰੀ ਦੌਰਾਨ ਪਹਿਨਣੀ ਹੋਵੇਗੀ। ਇਸ ਤੋਂ ਇਲਾਵਾ ਕੈਦੀਆਂ ਨੂੰ ਕਾਰਪੋਰੇਟਿਵ ਸੈਕਟਰ ਦੀ ਮਲਕੀਅਤ ਵਾਲੀਆਂ ਸੰਸਥਾਵਾਂ ਜਿਵੇਂ ਸ਼ੂਗਰਫੈਡ ਵਿਚ ਰੁਜ਼ਗਾਰ ਦੇਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਜੇਲ ਮੰਤਰੀ ਨੇ ਕਿਹਾ ਕਿ ਇਸ ਸੰਭਾਵਿਤ ਪਹਿਲਕਦਮੀ ਨਾਲ ਨਾ ਸਿਰਫ਼ ਕੈਦੀਆਂ ਦੀ ਸਮਰੱਥਾ ਨੂੰ ਸਹੀ ਦਿਸ਼ਾ ਦਿੱਤੀ ਜਾਵੇਗੀ ਸਗੋਂ ਇਸ ਨਾਲ ਉਨ੍ਹਾਂ ਨੂੰ ਜੇਲ ਵਿਚੋਂ ਰਿਹਾਅ ਹੋਣ ਪਿਛੋਂ ਸਮਾਜ ਦੀ ਮੁੱਖ ਧਾਰਾ ਵਿੱਚ ਢੁਕਵੇਂ ਢੰਗ ਨਾਲ ਸ਼ਾਮਿਲ ਹੋਣ ਦਾ ਮੌਕਾ ਵੀ ਮਿਲੇਗਾ।