
ਕਿਹਾ, ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਦੀ ਪੜ੍ਹਾਈ ਤੋਂ ਵਾਂਝਾ ਨਹੀਂ ਰਖਿਆ ਜਾ ਸਕਦਾ
ਚੰਡੀਗੜ੍ਹ: ਰਾਜ ਸਭਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਵਲੋਂ ਹਾਲ ਵਿਚ ਹੀ ਅੰਡਰ ਗ੍ਰੈਜੂਏਟ ਕੋਰਸਾਂ ਵਿਚੋਂ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਹਟਾਉਣ ਦਾ ਮਸਲਾ ਯੂਨੀਵਰਸਿਟੀ ਦੇ ਸਰਬਉਚ ਅਧਿਕਾਰੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਕੜ ਕੋਲ ਉਠਾਇਆ ਹੈ। ਉਪ ਰਾਸ਼ਟਰਪਤੀ ਨੂੰ ਲਿਖੇ ਇਕ ਹੰਗਾਮੀ ਪੱਤਰ ਵਿਚ ਸਾਹਨੀ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਵਿਦਿਆਰਥੀਆਂ ਲਈ ਬਣੀ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਦੀ ਪੜ੍ਹਾਈ ਤੋਂ ਵਾਂਝਾ ਨਹੀਂ ਰਖਿਆ ਜਾ ਸਕਦਾ।
ਇਹ ਵੀ ਪੜ੍ਹੋ: ਇਕ ਸਾਲ ਬਾਅਦ ਮੌਤ ਦੇ ਮੂੰਹ 'ਚੋਂ ਬਚ ਕੇ ਆਏ 3 ਪੰਜਾਬੀ, ਫਰਜ਼ੀ ਏਜੰਟਾਂ ਦੇ ਚੁੰਗਲ ਵਿਚ ਫਸੇ ਨੌਜੁਆਨਾਂ ਨੇ ਸੁਣਾਈ ਹੱਡਬੀਤੀ
ਉਨ੍ਹਾਂ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਨਾਲ ਪੰਜਾਬ ਦੇ 200 ਤੋਂ ਵਧ ਕਾਲਜ ਜੁੜੇ ਹੋਏ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਹੋਰ ਯੂਨੀਵਰਸਿਟਿਆਂ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਵਾਂਗ ਹੀ ਪੰਜਾਬੀ ਦੀ ਪੜ੍ਹਾਈ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਸਾਹਨੀ ਨੇ ਉਪ ਰਾਸ਼ਟਰਪਤੀ ਦੇ ਧਿਆਨ ਵਿਚ ਲਿਆਂਦਾ ਹੈ ਕਿ ਸਿੰਡੀਕੇਟ ਦਾ ਇਹ ਫ਼ੈਸਲਾ ਪੰਜਾਬ ਭਾਸ਼ਾ ਐਕਟ ਦੀ ਘੋਰ ਉਲੰਘਣਾ ਹੈ ਅਤੇ ਇਸ ਨੂੰ ਤੁਰਤ ਬਦਲੇ ਜਾਣ ਦੀ ਲੋੜ ਹੈ।
ਇਹ ਵੀ ਪੜ੍ਹੋ: ਸਿੰਗਾਪੁਰ : ਮੰਦਰ ਦੇ ਗਹਿਣਿਆਂ ਦੇ ਗਬਨ ਦੇ ਦੋਸ਼ 'ਚ ਭਾਰਤੀ ਪੁਜਾਰੀ ਨੂੰ ਜੇਲ
ਉਨ੍ਹਾਂ ਇਹ ਵੀ ਸਵਾਲ ਉਠਾਇਆ ਹੈ ਕਿ ਜਦੋਂ ਬੋਰਡ ਆਫ ਸਟਡੀਜ਼ ਅਤੇ ਲੈਂਗੂਏਜ ਫੈਕਲਟੀ ਨੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦੀ ਸਿਫਾਰਸ਼ ਕੀਤੀ ਸੀ ਤਾਂ ਸਿੰਡੀਕੇਟ ਨੂੰ ਇਹ ਫ਼ੈਸਲਾ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਦੇ ਨਾਲ ਹੀ ਵਿਕਰਮਜੀਤ ਸਿੰਘ ਸਾਹਨੀ ਨੇ ਚਿਤਾਵਨੀ ਦਿਤੀ ਕਿ ਪੰਜਾਬ ਅਤੇ ਪੰਜਾਬੀ ਨਾਲ ਕੋਈ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰ ਪੰਜਾਬੀ ਪ੍ਰੇਮੀ ਭਾਵੇਂ ਉਹ ਹਿੰਦੂ, ਸਿੱਖ ਜਾਂ ਮੁਸਲਿਮ ਕੋਈ ਵੀ ਹੋਵੇ, ਇਸ ਧੱਕੇਸ਼ਾਹੀ ਵਿਰੁਧ ਡਟੇਗਾ।