
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਨੌਜੁਆਨਾਂ ਨੂੰ ਅਪੀਲ, “ਕਾਬਲੀਅਤ ਦੇ ਦਮ ’ਤੇ ਜਾਉ ਵਿਦੇਸ਼”
ਕਪੂਰਥਲਾ (ਵਰੁਣ ਸ਼ਰਮਾ) : ਪੰਜਾਬ ਦੇ ਅਨੇਕਾਂ ਨੌਜੁਆਨ ਚੰਗੇ ਭਵਿੱਖ ਦੀ ਭਾਲ ਲਈ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਕਈਆਂ ਨੂੰ ਇਹ ਪਰਵਾਸ ਰਾਸ ਵੀ ਆਉਂਦਾ ਹੈ ਜਦਕਿ ਕਈਆਂ ਲਈ ਇਹ ਕਾਲੇ ਖੂਹ ਵਾਂਗ ਸਾਬਤ ਹੁੰਦਾ ਹੈ। ਇਸ ਦੌਰਾਨ ਕਈ ਨੌਜੁਆਨ ਫ਼ਰਜ਼ੀ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿਥੇ ਅਮਰੀਕਾ ਜਾਣ ਦਾ ਸੁਪਨਾ ਲੈ ਕੇ ਘਰੋਂ ਨਿਕਲੇ ਤਿੰਨ ਨੌਜੁਆਨ ਇਕ ਸਾਲ ਬਾਅਦ ਘਰ ਪਹੁੰਚੇ ਹਨ। 28 ਸਾਲਾ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਟਿੱਬਾ, 27 ਸਾਲਾ ਨਵਜੋਤ ਸਿੰਘ ਵਾਸੀ ਭਵਾਨੀਪੁਰ, ਹੈਪੀ ਸਿੰਘ ਵਾਸੀ ਸਰਹਾਲੀ, ਤਰਨਤਾਰਨ ਕਰੀਬ ਇਕ ਸਾਲ ਪਹਿਲਾਂ ਅਮਰੀਕਾ ਅਤੇ ਇਟਲੀ ਜਾਣ ਲਈ ਘਰੋਂ ਗਏ ਸਨ ਪਰ ਫ਼ਰਜ਼ੀ ਏਜੰਟਾਂ ਦੇ ਚੁੰਗਲ ਵਿਚ ਫਸ ਗਏ। ਹੁਣ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਨ੍ਹਾਂ ਦੀ ਘਰ ਵਾਪਸੀ ਹੋਈ ਹੈ।
ਇਹ ਵੀ ਪੜ੍ਹੋ: ਮਹਿਲਾ ਵਾਲੀਬਾਲ ਚੈਲੇਂਜ ਕੱਪ ਦੇ ਫਾਈਨਲ 'ਚ ਕਜ਼ਾਕਿਸਤਾਨ ਨੂੰ ਹਰਾ ਕੇ ਭਾਰਤ ਬਣਿਆ ਕੇਂਦਰੀ ਏਸ਼ੀਆਈ ਚੈਂਪੀਅਨ
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਨੌਜੁਆਨ ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਉਹ 7 ਅਪ੍ਰੈਲ 2022 ਨੂੰ ਘਰੋਂ ਗਿਆ ਸੀ। ਇਸ ਲਈ ਕਪੂਰਥਲਾ ਦੇ ਏਜੰਟ ਨਾਲ 5 ਲੱਖ ਰੁਪਏ ਵਿਚ ਗੱਲ ਤੈਅ ਹੋਈ ਸੀ, ਜਦੋਂ ਇਹ ਤੁਰਕੀ ਪਹੁੰਚੇ ਤਾਂ 7 ਮਹੀਨੇ ਤਕ ਕੰਮ ਨਹੀਂ ਬਣਿਆ। ਇਸ ਮਗਰੋਂ ਉਨ੍ਹਾਂ ਨੇ ਨਵੇਂ ਏਜੰਟ ਨਾਲ ਗੱਲ ਕੀਤੀ (40 ਲੱਖ ਰੁਪਏ ਵਿਚੋਂ 4 ਲੱਖ ਰੁਪਏ ਦਿਤੇ), ਜਿਸ ਨੇ 2 ਮਹੀਨੇ ਵਿਚ ਅਮਰੀਕਾ ਪਹੁੰਚਾਉਣ ਦਾ ਭਰੋਸਾ ਦਿਤਾ, 3 ਜਨਵਰੀ 2023 ਨੂੰ ਜਦੋਂ ਉਹ ਅਮਰੀਕਾ ਜਾਣ ਲਈ ਹਵਾਈ ਅੱਡੇ ’ਤੇ ਪਹੁੰਚੇ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਹਾਜ਼ ਚੜ੍ਹਨ ਤੋਂ ਰੋਕ ਦਿਤਾ ਅਤੇ ਕਰੀਬ ਸਾਢੇ 4 ਮਹੀਨੇ ਕੈਂਪ ਵਿਚ ਰਖਿਆ ਗਿਆ। ਇਸ ਦੌਰਾਨ ਉਹ ਕਈ ਦਿਨ ਤਕ ਭੁੱਖੇ-ਪਿਆਸੇ ਰਹੇ।
Three Punjabi youths stuck in Turkey returned home
ਇਕ ਹੋਰ ਨੌਜੁਆਨ ਨੇ ਦਸਿਆ ਕਿ ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਣਕਾਰੀ ਦਿਤੀ ਕਿ ਉਨ੍ਹਾਂ ਦਾ ਵੀਜ਼ਾ ਫ਼ਰਜ਼ੀ ਹੈ। ਉਨ੍ਹਾਂ ਨੂੰ 11 ਦਿਨ ਲੋਹੇ ਦੇ ਕੰਟੇਨਰ ਵਿਚ ਰਖਿਆ ਗਿਆ, ਜਿਸ ਨੂੰ ਬਾਹਰੋਂ ਬੰਦ ਕਰ ਦਿਤਾ ਜਾਂਦਾ ਸੀ, ਸਿਰਫ਼ ਰੋਟੀ ਖਾਣ ਲਈ ਉਨ੍ਹਾਂ ਨੂੰ ਬਾਹਰ ਕਢਿਆ ਜਾਂਦਾ ਸੀ। ਇਸ ਮਗਰੋਂ ਉਨ੍ਹਾਂ ਦੀ ਅੰਬੈਸੀ ਨਾਲ ਗੱਲ ਹੋਈ, ਜਿਸ ਤੋਂ ਬਾਅਦ ਕਈ ਦਿਨਾਂ ਤਕ ਜਾਂਚ ਚਲੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ 'ਤੇ 12 ਕਰੋੜ ਰੁਪਏ ਖਰਚ ਕਰੇਗੀ: ਡਾ.ਇੰਦਰਬੀਰ ਸਿੰਘ ਨਿੱਜਰ
ਕਈ ਕੋਸ਼ਿਸ਼ਾਂ ਅਸਫ਼ਲ ਰਹਿਣ ਤੋਂ ਬਾਅਦ ਨੌਜੁਆਨਾਂ ਦੇ ਮਾਪਿਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਅਪੀਲ ਕੀਤੀ, ਜਿਸ ਦੇ ਚਲਦਿਆਂ ਕਰੀਬ 15 ਦਿਨਾਂ ਵਿਚ ਉਨ੍ਹਾਂ ਦਾ ਕੰਮ ਪੂਰਾ ਹੋ ਗਿਆ। ਨੌਜੁਆਨਾਂ ਨੇ ਦਸਿਆ ਕਿ ਉਨ੍ਹਾਂ ਦੀ ਇਕ ਸਾਲ ਇਕ ਮਹੀਨੇ ਬਾਅਦ ਘਰ ਵਾਪਸੀ ਹੋਈ ਹੈ। ਨੌਜੁਆਨਾਂ ਨੇ ਕਿਹਾ ਕਿ ਜਿਥੇ ਇਕ ਪਾਸੇ ਉਨ੍ਹਾਂ ਨੂੰ ਘਰ ਵਾਪਸੀ ਦੀ ਖ਼ੁਸ਼ੀ ਹੈ ਉਥੇ ਹੀ ਇਸ ਗੱਲ ਦੀ ਨਮੋਸ਼ੀ ਵੀ ਹੈ ਕਿ ਉਹ ਅਪਣੇ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ। ਵਿਦੇਸ਼ ਜਾਣ ਦੇ ਚਾਹਵਾਨ ਨੌਜੁਆਨਾਂ ਨੂੰ ਉਨ੍ਹਾਂ ਸੁਨੇਹਾ ਦਿਤਾ ਕਿ ਹਮੇਸ਼ਾ ਸਹੀ ਰਾਹ ਚੁਣ ਕੇ ਹੀ ਵਿਦੇਸ਼ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨੌਜੁਆਨਾਂ ਨੇ ਮਦਦ ਲਈ ਸੰਤ ਸੀਚੇਵਾਲ ਦਾ ਧਨਵਾਦ ਵੀ ਕੀਤਾ।
ਕਾਬਲੀਅਤ ਦੇ ਦਮ ’ਤੇ ਵਿਦੇਸ਼ ਜਾਣ ਨੌਜੁਆਨ: ਬਲਬੀਰ ਸਿੰਘ ਸੀਚੇਵਾਲ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਪੰਜਾਬ ਦਾ ਦੁਖਾਂਤ ਹੈ ਕਿ ਸਾਡੇ ਨੌਜੁਆਨ 12ਵੀਂ ਤੋਂ ਬਾਅਦ ਉਚੇਰੀ ਸਿਖਿਆ ਲਈ ਵਿਦੇਸ਼ ਜਾਣ ਨੂੰ ਤਰਜੀਹ ਦਿੰਦੇ ਹਨ। ਕਈ ਨੌਜੁਆਨ ਆਈਲੈਟਸ ਕਰਨ ਦੀ ਬਜਾਏ ਹੋਰ ਤਰੀਕਿਆਂ ਰਾਹੀਂ ਵਿਦੇਸ਼ ਜਾਣਾ ਚਾਹੁੰਦੇ ਹਨ। ਇਨ੍ਹੀਂ ਦਿਨੀਂ ਕਈ ਦੁਖਦਾਈ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸੀਚੇਵਾਲ ਨੇ ਕੇਂਦਰੀ ਵਿਦੇਸ਼ ਮੰਤਰਾਲੇ ਦਾ ਧਨਵਾਦ ਵੀ ਕੀਤਾ। ਉਨ੍ਹਾਂ ਦਸਿਆ ਕਿ ਇਨ੍ਹਾਂ ਨੌਜੁਆਨਾਂ ਨੇ ਕਾਫ਼ੀ ਦਿਨ ਜੇਲ ਵਿਚ ਵੀ ਬਿਤਾਏ ਪਰ ਪ੍ਰਮਾਤਮਾ ਦੀ ਮਿਹਰ ਸਦਕਾ ਇਹ ਅਪਣੇ ਪ੍ਰਵਾਰਾਂ ਵਿਚ ਪਹੁੰਚੇ ਹਨ।
ਇਹ ਵੀ ਪੜ੍ਹੋ: ਜੰਗ-ਏ-ਆਜ਼ਾਦੀ ਸਮਾਰਕ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ : ਬਰਜਿੰਦਰ ਸਿੰਘ ਹਮਦਰਦ ਨੇ ਵਿਜੀਲੈਂਸ ਤੋਂ ਮੰਗਿਆ 10 ਦਿਨ ਦਾ ਸਮਾਂ
ਰਾਜ ਸਭਾ ਮੈਂਬਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ 40-40 ਲੱਖ ਰੁਪਏ ਏਜੰਟਾਂ ਨੂੰ ਦੇ ਸਕਦੇ ਹਾਂ ਤਾਂ ਘੱਟੋ-ਘੱਟ 2-3 ਲੱਖ ਰੁਪਏ ਨਾਲ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਈ ਜਾਵੇ। ਨੌਜੁਆਨਾਂ ਨੂੰ ਫ਼ਰਜ਼ੀ ਏਜੰਟਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਨੌਜੁਆਨ ਅਪਣੀ ਕਾਬਲੀਅਤ ਦੇ ਦਮ ’ਤੇ ਵਿਦੇਸ਼ ਜਾਣ। ਉਨ੍ਹਾਂ ਪੰਜਾਬ ਅਤੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਫ਼ਰਜ਼ੀ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।