
ਕੱਲ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕੁੱਝ ਵਧਿਆ ਹੈ ਜਿਸ ਕਾਰਨ ਅੱਜ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਧੁੱਸੀ ਬੰਨ੍ਹ ......
ਮਾਛੀਵਾੜਾ ਸਾਹਿਬ : ਕੱਲ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕੁੱਝ ਵਧਿਆ ਹੈ ਜਿਸ ਕਾਰਨ ਅੱਜ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਧੁੱਲੇਵਾਲ ਵਾਸੀਆਂ ਨੇ ਧੁੱਸੀ ਬੰਨ੍ਹ ਤੋਂ ਥੋੜੀ ਦੂਰ ਦਰਿਆ ਦੇ ਵਧਦੇ ਪਾਣੀ ਵਲੋਂ ਜ਼ਮੀਨ ਨੂੰ ਲਗਾਇਆ ਜਾ ਰਿਹਾ ਖੋਰਾ ਅਤੇ ਖਸਤਾ ਹਾਲਤ ਠੋਕਰਾਂ ਬਾਰੇ ਦਸਿਆ। ਪਿੰਡ ਦੇ ਲੋਕਾਂ ਨੇ ਦਸਿਆ ਕਿ ਜਦੋਂ ਵੀ ਦਰਿਆ ਵਿਚ ਹੜ੍ਹ ਆਉਂਦਾ ਹੈ ਤਾਂ ਧੁੱਲੇਵਾਲ ਧੁੱਸੀ ਬੰਨ੍ਹ ਹੀ ਟੁੱਟਦਾ ਹੈ ਜਿਸ ਕਾਰਨ ਲੋਕਾਂ ਦੀਆਂ ਫ਼ਸਲਾਂ ਅਤੇ ਹੋਰ ਕਾਫ਼ੀ ਮਾਲੀ ਨੁਕਸਾਨ ਹੁੰਦਾ ਹੈ।
ਵਿਧਾਇਕ ਢਿੱਲੋਂ ਵਲੋਂ ਧੁੱਲੇਵਾਲ ਪਿੰਡ ਜਾ ਕੇ ਧੁੱਸੀ ਬੰਨ੍ਹ ਨੇੜ੍ਹੇ ਪਾਣੀ ਨਾਲ ਲੱਗ ਰਹੀ ਢਾਹ ਦਾ ਜਾਇਜ਼ਾ ਲਿਆ ਅਤੇ ਤੁਰਤ ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਨਿਰਦੇਸ਼ ਦਿਤੇ ਕਿ ਧੁੱਲੇਵਾਲ ਪਿੰਡ ਨੇੜ੍ਹੇ ਜਿਥੇ ਵੀ ਦਰਿਆ ਦਾ ਪਾਣੀ ਠੋਕਰਾਂ ਜਾਂ ਧੁੱਸੀ ਬੰਨ੍ਹ ਨੂੰ ਢਾਹ ਲਗਾਉਂਦਾ ਹੈ ਉਸ ਦੀ ਤੁਰਤ ਮੁਰੰਮਤ ਕੀਤੀ ਜਾਵੇ ਤਾਂ ਜੋ ਪਾਣੀ ਹੋਰ ਵਧਣ 'ਤੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ।
ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਸਰਕਾਰ ਤੇ ਪ੍ਰਸ਼ਾਸਨ ਦਾ ਮੁੱਢਲਾ ਫ਼ਰਜ਼ ਹੈ ਅਤੇ ਦਰਿਆ ਕਿਨਾਰੇ ਵਸਦੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਰਾਜਸ਼ੀ ਸਕੱਤਰ ਸੁਖਵੀਰ ਸਿੰਘ ਪੱਪੀ, ਪੀ.ਏ ਰਾਜੇਸ਼ ਬਿੱਟੂ ਆਦਿ ਵੀ ਮੌਜੂਦ ਸਨ।