
ਬੀਤੀ ਰਾਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਵਿਧਾਨ ਸਭਾ 'ਚ ਅੱਠ ਘੰਟੇ ਹੋਈ ਬਹਿਸ ਮਗਰੋਂ, ਮੁੱਖ ਮੰਤਰੀ ਦੇ ਜਵਾਬ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ..........
ਚੰਡੀਗੜ੍ਹ: ਬੀਤੀ ਰਾਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਵਿਧਾਨ ਸਭਾ 'ਚ ਅੱਠ ਘੰਟੇ ਹੋਈ ਬਹਿਸ ਮਗਰੋਂ, ਮੁੱਖ ਮੰਤਰੀ ਦੇ ਜਵਾਬ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦੇ ਐਲਾਨ ਤੋਂ ਖ਼ੁਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, 3 ਕੈਬਨਿਟ ਮੰਤਰੀਆਂ ਤੇ 5 ਵਿਧਾਇਕਾਂ ਨੇ ਕਿਹਾ ਕਿ ਪਾਰਟੀ ਤੇ ਸਰਕਾਰ ਨੂੰ ਪੂਰਾ ਭਰੋਸਾ ਹੈ ਕਿ ਬਾਦਲ ਪਰਵਾਰ ਦੋਵੇਂ ਪਿਉ-ਪੁੱਤ ਵਿਰੁਧ ਕੇਸ ਦਰਜ ਕਰ ਕੇ ਸਜ਼ਾ ਦਿਵਾਉਣਗੇ।
ਪੰਜਾਬ ਭਵਨ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਸੁਨੀਲ ਜਾਖੜ, ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਅਤੇ ਹੋਰ ਵਿਧਾਇਕਾਂ ਨੇ ਚਾਰਜਸ਼ੀਟ ਜਾਰੀ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਬਤੌਰ ਗ੍ਰਹਿ ਵਿਭਾਗ ਦੇ ਇੰਚਾਰਜ, ਬਹਿਬਲ ਕਲਾਂ ਤੇ ਬਰਗਾੜੀ ਤੇ ਸੰਕਟਮਈ ਹਾਲਾਤ ਸਮੇਂ ਉਥੇ ਪਹੁੰਚਣ ਦੀ ਬਜਾਏ ਡੀਜੀਪੀ ਸੁਮੇਧ ਸੈਣੀ ਰਾਹੀਂ ਬਲਦੀ 'ਤੇ ਤੇਲ ਪਾਇਆ। ਇਨ੍ਹਾਂ ਨੇਤਾਵਾਂ ਨੇ ਵੱਡੇ ਬਾਦਲ, ਸੁਖਬੀਰ ਤੇ ਹੋਰਨਾਂ 'ਤੇ ਦੋਸ਼ ਲਾਇਆ ਕਿ ਸਿਰਸਾ ਦੇ ਡੇਰਾ ਮੁਖੀ ਨਾਲ ਗੰਢ-ਤੁੱਪ ਕਰ ਕੇ ਵੋਟਾਂ ਲਈ ਸਿੱਖੀ ਤੇ ਸਿੱਖ ਪੰਥ ਦਾ ਘਾਣ ਕੀਤਾ।
ਕਾਂਗਰਸੀ ਨੇਤਾਵਾਂ ਦਾ ਕਹਿਣਾ ਸੀ ਕਿ ਵੱਡਾ ਬਾਦਲ ਹੁਣ ਬੇਟੇ ਨੂੰ ਬਚਾਉਣ ਲਈ ਸਾਰਾ ਇਲਜਾਮ ਅਪਣੇ ਉਪਰ ਲੈ ਲਵੇਗਾ। ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਵਾਂਗ ਸਮਾਜ 'ਚ ਵੰਡੀਆਂ ਪਾਉਣ ਦਾ ਕੰਮ ਕਰਨ ਲਈ ਅਕਾਲੀ ਦਲ ਨੇ ਵੀ ਪੰਜਾਬ 'ਚ ਇਹ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਧਾਰਮਕ ਗੰ੍ਰਥਾਂ ਦੀ ਬੇਅਦਬੀ ਦੇ ਦੋਸ਼ੀਆਂ ਸਬੰਧੀ 700 ਸਫ਼ਿਆਂ ਦੀ ਰੀਪੋਰਟ ਨੂੰ ਸੁਖਬੀਰ ਬਾਦਲ ਤੇ ਉਸ ਦੇ ਸਾਥੀਆਂ ਨੇ ਪੈਰਾਂ 'ਚ ਰੋਲਿਆ,
ਪਤਰੇ ਪਾੜੇ ਅਤੇ ਗੰਦੇ ਨਾਹਰੇ ਲਾਏ ਜਿਸ ਤੋਂ ਉਨ੍ਹਾਂ ਦੀ ਬੀਮਾਰ ਮਾਨਸਿਕਤਾ ਅਤੇ ਧਾਰਮਕ ਅਨੈਤਕਿਤਾ ਦਾ ਸਬੂਤ ਦਿਤਾ ਹੈ। ਸੁਨੀਲ ਜਾਖੜ ਦਾ ਸਾਥ ਦੇਣ ਵਾਲੇ ਮੰਤਰੀਆਂ ਤੋਂ ਇਲਾਵਾ 6 ਵਿਧਾਇਕਾਂ 'ਚ ਹਰਮਿੰਦਰ ਗਿੱਲ, ਅਮਰਿੰਦਰ ਰਾਜਾ ਵੜਿੰਗ, ਕੁਲਬੀਰ ਜੀਰਾ, ਪਰਮਿੰਦਰ ਪਿੰਕੀ, ਬਰਿੰਦਰਜੀਤ ਪਾਹੜਾ ਤੇ ਕੁਸ਼ਲਦੀਪ ਢਿੱਲੋਂ ਸ਼ਾਮਲ ਸਨ।