
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਨਵੀਂ ਦਿੱਲੀ ਵਿਖੇ ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਮੰਗ ਪੱਤਰ ਦਿੰਦਿਆਂ.........
ਬਟਾਲਾ : ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਨਵੀਂ ਦਿੱਲੀ ਵਿਖੇ ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਮੰਗ ਪੱਤਰ ਦਿੰਦਿਆਂ ਬਟਾਲਾ ਰੇਲਵੇ ਸਟੇਸ਼ਨ ਲਈ ਵੱਧ ਸਹੂਲਤਾਂ ਦੀ ਮੰਗ ਕੀਤੀ ਹੈ। ਰੇਲਵੇ ਮੰਤਰੀ ਨੂੰ ਮੰਗ ਪੱਤਰ ਦਿੰਦਿਆਂ ਸ੍ਰੀ ਜਾਖੜ ਨੇ ਉਨ੍ਹਾਂ ਨੂੰ ਬਟਾਲਾ ਰੇਲਵੇ ਸਟੇਸ਼ਨ ਦੀਆਂ ਘਾਟਾਂ ਤੋਂ ਜਾਣੂ ਕਰਾਇਆ ਅਤੇ ਇਨਾਂ ਲੋੜਾਂ ਨੂੰ ਪੂਰਾ ਕਰਨ ਲਈ ਫੌਰੀ ਤੌਰ 'ਤੇ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਨੇ ਰੇਲਵੇ ਮੰਤਰੀ ਨੂੰ ਦੱਸਿਆ ਕਿ ਬਟਾਲਾ ਸ਼ਹਿਰ ਪੰਜਾਬ ਦਾ 8ਵਾਂ ਵੱਡਾ ਸ਼ਹਿਰ ਹੈ ਅਤੇ ਇਹ ਜ਼ਿਲਾ ਸਦਰ ਮੁਕਾਮ ਗੁਰਦਾਸਪੁਰ ਤੋਂ 32 ਕਿਲੋਮੀਟਰ ਦੂਰੀ 'ਤੇ ਸਥਿਤ ਹੈ।
ਬਟਾਲਾ ਜ਼ਿਲਾ ਗੁਰਦਾਸਪੁਰ ਦਾ ਸਭ ਤੋਂ ਵੱਡਾ ਅਤੇ ਵੱਧ ਵਸੋਂ ਵਾਲਾ ਸ਼ਹਿਰ ਹੈ ਜਿਥੇ ਪੂਰੇ ਜ਼ਿਲੇ ਦੀ 31 ਫੀਸਦੀ ਅਬਾਦੀ ਰਹਿੰਦੀ ਹੈ। ਉਨਾਂ ਕਿਹਾ ਕਿ ਇਹ ਸ਼ਹਿਰ ਸਨਅਤੀ ਪੱਖ ਤੋਂ ਬਹੁਤ ਮਹੱਤਵਪੂਰਨ ਹੈ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਬਟਾਲਾ ਸ਼ਹਿਰ ਉਦਯੋਗਿਕ ਕੇਂਦਰ ਹੋਣ ਕਾਰਨ ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਛੱਤੀਸ਼ਗੜ, ਗੋਆ ਅਤੇ ਉੜੀਸਾ ਤੋਂ ਕੱਚੀ ਦੇਗ ਅਤੇ ਹਾਰਡ ਕੋਕ ਦੇ ਰੈਕ ਮਾਲ ਗੱਡੀਆਂ ਰਾਹੀਂ ਬਟਾਲਾ ਸ਼ਹਿਰ ਪਹੁੰਚਦੇ ਹਨ ਅਤੇ ਖੇਤੀ ਮੰਡੀ ਦਾ ਕੇਂਦਰ ਹੋਣ ਕਾਰਨ ਇਥੋਂ ਰੇਲ ਰਾਹੀਂ ਅਨਾਜ ਵੀ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਪਹੁੰਚਾਇਆ ਜਾਂਦਾ ਹੈ।
ਬਟਾਲਾ ਵਿਖੇ ਮਾਲ ਦੀ ਢੋਆ-ਢੁਆਈ ਤੋਂ ਰੇਲਵੇ ਕਰੋੜਾਂ ਰੁਪਏ ਕਮਾਉਂਦਾ ਹੈ ਅਤੇ ਪਿਛਲੇ 7 ਦਹਾਕਿਆਂ ਤੋਂ ਇਸ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਪਰ ਬਟਾਲਾ ਰੇਲਵੇ ਸਟੇਸ਼ਨ 'ਤੇ ਸਹੂਲਤਾਂ ਦੀ ਘਾਟ ਜਿਉਂ ਦੀ ਤਿਉਂ ਹੈ । ਐਮ.ਪੀ. ਜਾਖੜ ਨੇ ਰੇਲਵੇ ਮੰਤਰੀ ਨੂੰ ਦੱਸਿਆ ਕਿ ਬਟਾਲਾ ਰੇਲਵੇ ਸਟੇਸ਼ਨ ਉੱਪਰ ਇੱਕ ਹੀ ਪਲੇਟਫਾਰਮ ਹੈ ਅਤੇ ਉਥੇ ਇੱਕ ਵੀ ਟੀ-ਸਟਾਲ ਤੇ ਫਰੂਟ ਸਟਾਲ ਨਹੀਂ ਹੈ। ਇਸਦੇ ਨਾਲ ਹੀ ਯਾਤਰੀਆਂ ਖਾਸ ਕਰਕੇ ਔਰਤਾਂ ਤੇ ਅੰਗਹੀਣਾ ਲਈ ਕੋਈ ਵਾਸ਼ਰੂਮ ਨਹੀਂ ਹੈ।