
ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਨੇ ਪੂਰੀ ਤਿਆਰੀ ਕੀਤੀ........
ਝਬਾਲ : ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਨੇ ਪੂਰੀ ਤਿਆਰੀ ਕੀਤੀ ਹੋਈ ਪਰ ਕੇਂਦਰੀ ਮੰਤਰੀ ਰਾਹ ਵਿਚੋਂ ਹੀ ਵਾਪਸ ਚਲੇ ਗਈ। ਬਾਦਲ ਦੇ ਜੱਦੀ ਪਿੰਡ ਮੂਸੇ ਕਲਾਂ ਵਿਖੇ ਹਰ ਸਾਲ ਮਨਾਈ ਜਾਂਦੀ ਬਾਬਾ ਨੰਦ ਸਿੰਘ ਦੀ ਬਰਸੀ ਮੌਕੇ ਬਾਦਲ ਪਰਵਾਰ ਦੇ ਜੀਅ ਪਹੁੰਚਦੇ ਹਨ। ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਨੂੰ ਬੀਬੀ ਬਾਦਲ ਦੇ ਪਹੁੰਚਣ ਦੀ ਖ਼ਬਰ ਮਿਲੀ ਤਾਂ ਭਾਰੀ ਗਿਣਤੀ ਵਿਚ ਸਿੰਘ ਹੱਥਾਂ ਵਿਚ ਕਾਲੀਆਂ ਝੰਡੀਆਂ ਤੇ ਗੋਹੇ ਦੇ ਲਿਫ਼ਾਫ਼ੇ ਭਰ ਕੇ ਰਸਤੇ ਵਿਚ ਖਲੋ ਗਏ।
ਐਸ ਪੀ ਗੁਰਨਾਮ ਸਿੰਘ ਅਤੇ ਡੀ ਐਸ ਪੀ ਸੁੱਚਾ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਤਾਇਨਾਤ ਸੀ ਪਰ ਕੇਂਦਰੀ ਮੰਤਰੀ ਨੂੰ ਪਤਾ ਲੱਗਣ 'ਤੇ ਉਹ ਕਸਬਾ ਝਬਾਲ ਦੇ ਤਰਨ ਤਾਰਨ ਰੋਡ ਤੋਂ ਹੀ ਮੁੜ ਗਏ। ਸਤਿਕਾਰ ਕਮੇਟੀ ਦੇ ਆਗੂ ਮਨਜੀਤ ਸਿੰਘ ਝਬਾਲ ਨੇ ਕਿਹਾ ਕਿ ਬਾਦਲ ਪਰਵਾਰ ਪੂਰੀ ਤਰ੍ਹਾਂ ਗੂਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਹੈ। ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਵੀ ਉਸ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਉਨ੍ਹਾਂ ਨਾਲ ਸਰੂਪ ਸਿੰਘ ਭੁੱਚਰ, ਕਸ਼ਮੀਰ ਸਿੰਘ ਬੋਹੜੂ, ਸੁਖਜਿੰਦਰ ਸਿੰਘ ਝਬਾਲ ਵੀ ਹਾਜ਼ਰ ਸਨ।