
ਆਨਲਾਈਨ ਲਿੰਕ ਭੇਜ ਕੇ ਕੁਇਜ਼ ਮੁਕਾਬਲਾ ਕਰਵਾਇਆ
ਐਸ.ਏ.ਐਸ. ਨਗਰ : ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਪੰਜਾਬੀ ਦੇ ਭੁੱਲੇ-ਵਿਸਰੇ ਸ਼ਬਦਾਂ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੇ ਕੋਸ਼ ਵਿੱਚ ਵਾਧਾ ਕਰਨ ਲਈ ਪਿਛਲੇ ਇਕ ਮਹੀਨੇ ਤੋਂ ਪੰਜਾਬੀ ਅਤੇ ਅੰਗਰੇਜ਼ੀ ਦਾ ਰੋਜ਼ਾਨਾ ਇਕ-ਇਕ ਸ਼ਬਦ ਭੇਜਿਆ ਜਾ ਰਿਹਾ ਹੈ। ਵਿਭਾਗ ਵਲੋਂ 30 ਅਗਸਤ ਨੂੰ ਵਿਦਿਆਰਥੀਆਂ ਦਾ ਅੰਤਰ ਜਮਾਤ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 13.21 ਲੱਖ ਵਿਦਿਆਰਥੀਆਂ ਨੇ ਭਾਗ ਲਿਆ।
ਵਿਦਿਆਰਥੀਆਂ ਵਿਚ ਇਸ ਮੁਕਾਬਲੇ ਪ੍ਰਤੀ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਵਿਭਾਗ ਵੱਲੋਂ ਕੀਤੀ ਇਸ ਨਿਵੇਕਲੀ ਪਹਿਲ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਿੱਖਿਆ ਵਿਭਾਗ ਵਲੋਂ ਬੀਤੀ 29 ਅਗਸਤ ਨੂੰ ਇਹਨਾਂ ਸ਼ਬਦਾਂ ਦਾ ਆਨਲਾਈਨ ਲਿੰਕ ਭੇਜ ਕੇ ਵੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ, ਜ਼ਿਲ੍ਹਾ ਪਧਰੀ ਦਫ਼ਤਰਾਂ, ਹੋਰ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਮਾਜਿਕ ਲੋਕਾਂ ਨੇ ਵੀ ਇਸ ਕੁਇਜ਼ ਵਿੱਚ ਵੱਧ ਚੜ੍ਹ ਕੇ ਭਾਗ ਲਿਆ।
ਇਸ ਕੁਇਜ਼ ਪ੍ਰਤੀ ਉਤਸ਼ਾਹ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਸਿੱਖਿਆ ਵਿਭਾਗ ਨੂੰ ਲੋਕਾਂ ਦੀ ਪੁਰਜ਼ੋਰ ਮੰਗ ਨੂੰ ਧਿਆਨ ਵਿੱਚ ਰੱਖ ਕੇ ਕੁਇਜ਼ ਵਿੱਚ ਭਾਗ ਲੈਣ ਦਾ ਸਮਾਂ ਵਧਾਉਣਾ ਪਿਆ।ਸਮਾਜ ਦੇ ਵੱਖ-ਵੱਖ ਵਰਗਾਂ ਨੇ ਇਸ ਕਦਮ ਦੀ ਬੇਹੱਦ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੀ ਇਸ ਪਿਰਤ ਨਾਲ਼ ਨਵੀਂ ਪੀੜ੍ਹੀ ਨੂੰ ਅਜਿਹੇ ਸ਼ਬਦਾਂ ਦਾ ਗੂੜ੍ਹ ਗਿਆਨ ਮਿਲ ਰਿਹਾ ਹੈ ਜਿਹਨਾਂ ਦੀਆਂ ਜੜ੍ਹਾਂ ਸਾਡੀ ਸੰਸਕ੍ਰਿਤੀ ਨਾਲ਼ ਜੁੜਦੀਆਂ ਹਨ।