
1450 ਕਿਲੋਮੀਟਰ ਲਿੰਕ ਸੜਕਾਂ, 36 ਪੁਲਾਂ ਅਤੇ 36 ਇਮਾਰਤਾਂ ਦਾ ਹੋਇਆ ਨੁਕਸਾਨ
ਚੰਡੀਗੜ੍ਹ : ਲੋਕ ਨਿਰਮਾਣ ਵਿਭਾਗ (ਭਵਨ ਅਤੇ ਉਸਾਰੀ) ਵਲੋਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੀਆਂ ਸੜਕਾਂ, ਪੁਲਾਂ ਅਤੇ ਇਮਾਰਤਾਂ ਨੂੰ ਹੋਏ ਨੁਕਸਾਨ ਦੇ ਅਨੁਮਾਨ ਸਬੰਧੀ ਮੁਢਲੀ ਰਿਪੋਰਟ ਤਿਆਰ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।
Flood water
ਬੁਲਾਰੇ ਨੇ ਦੱਸਿਆ ਕਿਹਾ ਕਿ ਹਾਲ ਵਿਚ ਹੋਏ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਲੋਕ ਨਿਰਮਾਣ ਵਿਭਾਗ (ਭਵਨ ਅਤੇ ਉਸਾਰੀ) ਦੇ ਅਧਿਕਾਰ ਖੇਤਰ ਵਿਚ ਆਉਣ ਵਾਲੀਆਂ ਲਗਭਗ 1450 ਕਿਲੋਮੀਟਰ ਲਿੰਕ ਸੜਕਾਂ, 420 ਕਿਲੋਮੀਟਰ ਪਲਾਨ ਸੜਕਾਂ/ਕੌਮੀ ਮਾਰਗ, 36 ਪੁਲਾਂ ਤੇ 36 ਇਮਾਰਤਾਂ ਦਾ ਨੁਕਸਾਨ ਹੋਇਆ ਹੈ। ਇਹ ਵੇਖਣ 'ਚ ਆਇਆ ਹੈ ਕਿ ਰੂਪਨਗਰ ਜ਼ਿਲ੍ਹੇ ਵਿਚ ਲਿੰਕ ਸੜਕਾਂ ਅਤੇ ਪਲਾਨ ਸੜਕਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜੋ ਕਿ ਕ੍ਰਮਵਾਰ 693.96 ਕਿਲੋਮੀਟਰ ਅਤੇ 123.1 ਕਿਲੋਮੀਟਰ ਹੈ।
Flood
ਉਨ੍ਹਾਂ ਦਸਿਆ ਕਿ ਮੁਰੰਮਤ ਲਈ ਲਗਭਗ 95.50 ਕਰੋੜ ਰੁਪਏ ਦੀ ਲੋੜ ਹੈ ਪਰ ਸੰਪੂਰਨ ਖ਼ਰਚੇ ਦਾ ਅਨੁਮਾਨ ਹੜ੍ਹਾਂ ਦਾ ਪਾਣੀ ਪੂਰੀ ਤਰ੍ਹਾਂ ਉਤਰਨ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਸਿਕ ਪੈਚਵਰਕ ਅਤੇ ਸੜਕਾਂ ਵਿਚ ਪਏ ਪਾੜਾ ਦੀ ਮੁਰੰਮਤ ਦਾ ਕੰਮ ਪ੍ਰਗਤੀ ਹੇਠ ਹੈ। ਉਨ੍ਹਾਂ ਕਿਹਾ ਕਿ ਲੋੜੀਂਦੇ ਫੰਡਾਂ ਦੇ ਜਾਰੀ ਹੋਣ ਨਾਲ, ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਦਾ ਕੰਮ ਜਿਵੇਂ ਬ੍ਰਿਜਾਂ ਦੀ ਮੁੜ ਉਸਾਰੀ, ਹੜ੍ਹਾਂ ਵਿਚ ਵਹਿ ਚੁੱਕੀਆਂ ਸੜਕਾਂ ਅਤੇ ਪੁਲੀਆਂ ਆਦਿ ਕੰਮ ਜੰਗੀ ਪੱਧਰ ’ਤੇ ਕੀਤੇ ਜਾਣਗੇ।