ਪੰਜਾਬ ਕਾਂਗਰਸ ਨੇ 4 ਸਤੰਬਰ ਨੂੰ ਹੋਣ ਜਾ ਰਹੀ ‘ਮਹਿੰਗਾਈ ਖਿਲਾਫ ਹੱਲਾ ਬੋਲ’ ਰੈਲੀ ਲਈ ਕਮਰ ਕੱਸ ਲਈ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਨੇ 4 ਸਤੰਬਰ ਨੂੰ ਹੋਣ ਜਾ ਰਹੀ ‘ਮਹਿੰਗਾਈ ਖਿਲਾਫ ਹੱਲਾ ਬੋਲ’ ਰੈਲੀ ਲਈ ਕਮਰ ਕੱਸ ਲਈ ਹੈ। ਪੰਜਾਬ ਦੇ 10 ਹਜ਼ਾਰ ਕਾਂਗਰਸੀ ਧਰਨੇ ਵਿਚ ਹਿੱਸਾ ਲੈਣ ਲਈ ਦਿੱਲੀ ਜਾਣਗੇ। ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਚੰਡੀਗੜ੍ਹ 'ਚ ਮੀਟਿੰਗ ਕੀਤੀ, ਜਿਸ ਵਿਚ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਪੁੱਛਿਆ ਜਾਂਦਾ ਹੈ ਕਿ ਕਾਂਗਰਸ ਨੇ 60 ਸਾਲਾਂ ਵਿਚ ਕੀ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਕਦੇ ਵੀ ਸਿਲੰਡਰ 350 ਤੋਂ ਵੱਧ ਨਹੀਂ ਹੋਣ ਦਿੱਤਾ। ਕਾਂਗਰਸ ਨੇ ਕੰਮ ਕੀਤਾ ਜਦਕਿ ਇਹ ਸਰਕਾਰਾਂ ਤਮਾਸ਼ਾ ਕਰਦੀਆਂ ਹਨ।
ਕਾਂਗਰਸ ਦੇ ਹਲਕਾ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਵਿਚ ਪਾਰਟੀ ਵਿਚ ਸਭ ਠੀਕ-ਠਾਕ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਦੇ ਸਵਾਲ 'ਤੇ ਚੌਧਰੀ ਨੇ ਕਿਹਾ ਕਿ ਮੈਨੂੰ ਅਜਿਹਾ ਕੁਝ ਨਜ਼ਰ ਨਹੀਂ ਆਉਂਦਾ। ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਪੂਰੇ ਦੇਸ਼ ਦਾ ਸਾਂਝਾ ਮੁੱਦਾ ਹੈ। ਅਸੀਂ ਸਾਰੇ ਪੰਜਾਬ ਵਿਚ ਜਾਵਾਂਗੇ।