
ਮਾਮਲਾ ਦਰਜ ਕਰ ਪੁਲਿਸ ਨੇ ਮੁਲਜ਼ਮ ਨੂੰ 24 ਘੰਟਿਆਂ ’ਚ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ: ਕਲਯੁਗ ਦੇ ਸਮੇਂ ਵਿਚ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੰਦੀਆਂ ਹਨ। ਅਜਿਹੀ ਹੀ ਇਕ ਘਟਨਾ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਤੋਂ ਸਾਹਮਣੇ ਆਈ, ਜਿਥੋਂ ਪੁਲਿਸ ਨੇ ਇੱਕ ਬਲਾਤਕਾਰੀ ਚਾਚੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੀ ਨਾਬਾਲਗ ਭਤੀਜੀ ਨਾਲ ਹੀ ਆਪਣੀ ਹਵਸ ਨੂੰ ਠੰਡਾ ਕਰ ਰਿਹਾ ਸੀ ਅਤੇ ਭਤੀਜੀ ਨੂੰ ਗਰਭਵਤੀ ਕਰ ਦਿੱਤਾ। ਲੜਕੀ ਦੀ ਉਮਰ ਤਕਰੀਬਨ 15 ਸਾਲ ਹੈ।
ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਥਾਣਾ ਧਾਰੀਵਾਲ ਦੇ ਐੱਸ.ਐੱਚ.ਓ ਨੂੰ ਦਿੱਤੀ ਕਿ ਪਿੰਡ ਦਾ ਇੱਕ ਵਿੱਕੀ ਮਸੀਹ ਨਾਂ ਦਾ ਨੌਜਵਾਨ ਜੋ ਲੜਕੀ ਦਾ ਰਿਸ਼ਤੇ ’ਚ ਚਾਚਾ ਲੱਗਦਾ ਹੈ, ਉਹ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਲਗਾਤਾਰ ਬਲਾਤਕਾਰ ਕਰਦਾ ਆ ਰਿਹਾ ਹੈ। ਜਿਸ ਤੋਂ ਬਾਅਦ ਲੜਕੀ 5 ਮਹੀਨੇ ਦੀ ਗਰਭਵਤੀ ਹੋ ਗਈ ਹੈ।
ਥਾਣਾ ਧਾਰੀਵਾਲ ਦੇ ਐੱਸ.ਐੱਚ.ਓ ਨੇ ਦੱਸਿਆ ਕਿ ਐੱਸ.ਐੱਸ.ਪੀ ਗੁਰਦਾਸਪੁਰ ਦੇ ਧਿਆਨ ’ਚ ਸਾਰਾ ਮਾਮਲਾ ਲਿਆਂਦਾ ਗਿਆ ਤੇ ਮੁਲਜ਼ਮ ਨੂੰ 24 ਘੰਟਿਆਂ ’ਚ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।