
ਐੱਮ.ਯੂ.ਡੀ.ਏ. ਮਾਮਲੇ ’ਚ ਕਾਲੇ ਧਨ ਨੂੰ ਚਿੱਟਾ ਕਰਨ ਦਾ ਦੋਸ਼
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਕੁੱਝ ਹੋਰਾਂ ਵਿਰੁਧ ਮੈਸੂਰੂ ਸ਼ਹਿਰੀ ਵਿਕਾਸ ਅਥਾਰਟੀ (ਐੱਮ.ਯੂ.ਡੀ.ਏ.) ਮਾਮਲੇ ’ਚ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਸੂਤਰਾਂ ਨੇ ਦਸਿਆ ਕਿ ਸੰਘੀ ਏਜੰਸੀ ਨੇ ਮੁੱਖ ਮੰਤਰੀ ਅਤੇ ਹੋਰਾਂ ਵਿਰੁਧ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰੀਪੋਰਟ (ਈ.ਸੀ.ਆਈ.ਆਰ.) ਦਾਇਰ ਕੀਤੀ ਹੈ। ਮੈਸੂਰੂ ਸਥਿਤ ਲੋਕਾਯੁਕਤ ਪੁਲਿਸ ਸਥਾਪਨਾ ਨੇ 27 ਸਤੰਬਰ ਨੂੰ ਦਰਜ ਐਫ.ਆਈ.ਆਰ. ’ਚ ਸਿੱਧਰਮਈਆ, ਉਨ੍ਹਾਂ ਦੀ ਪਤਨੀ ਬੀ.ਐਮ. ਪਾਰਵਤੀ, ਜੀਜਾ ਮਲਿਕਾਰਜੁਨ ਸਵਾਮੀ ਅਤੇ ਦੇਵਰਾਜੂ ਦੇ ਨਾਮ ਦਰਜ ਕੀਤੇ ਹਨ। ਸਵਾਮੀ ਨੇ ਦੇਵਰਾਜੂ ਤੋਂ ਜ਼ਮੀਨ ਖਰੀਦੀ ਅਤੇ ਪਾਰਵਤੀ ਨੂੰ ਤੋਹਫ਼ੇ ਵਜੋਂ ਦਿਤੀ।
ਪਿਛਲੇ ਹਫਤੇ ਬੈਂਗਲੁਰੂ ਦੀ ਇਕ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ’ਚ ਸਿੱਧਰਮਈਆ ਵਿਰੁਧ ਲੋਕਾਯੁਕਤ ਪੁਲਿਸ ਜਾਂਚ ਦੇ ਹੁਕਮ ਦਿਤੇ ਸਨ, ਜਿਸ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਸਿਧਾਰਮਈਆ ’ਤੇ ਮੁਡਾ ਨੇ ਅਪਣੀ ਪਤਨੀ ਬੀ.ਐਮ. ਪਾਰਵਤੀ ਨੂੰ 14 ਪਲਾਟਾਂ ਦੀ ਅਲਾਟਮੈਂਟ ’ਚ ਬੇਨਿਯਮੀਆਂ ਦੇ ਦੋਸ਼ ਹਨ।
ਦੂਜੇ ਪਾਸੇ ਅੱਜ ਦੇਰ ਰਾਤ ਕੀਤੇ ਐਲਾਨ ’ਚ ਸਿਧਾਰਮਈਆ ਦੀ ਪਤਨੀ ਪਾਰਵਤੀ ਨੇ ਮੈਸੂਰੂ ਸ਼ਹਿਰੀ ਵਿਕਾਸ ਅਥਾਰਟੀ (ਐੱਮ.ਯੂ.ਡੀ.ਏ.) ਨੂੰ 14 ਵਿਵਾਦਿਤ ਪਲਾਟ ਵਾਪਸ ਕਰਨ ਦਾ ਫੈਸਲਾ ਕੀਤਾ ਹੈ।
ਸਿਧਾਰਮਈਆ (76) ਨੇ ਪਿਛਲੇ ਹਫਤੇ ਕਿਹਾ ਸੀ ਕਿ ਮੁਡਾ ਮਾਮਲੇ ’ਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਉਨ੍ਹਾਂ ਤੋਂ ਡਰੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਵਿਰੁਧ ਅਜਿਹਾ ਪਹਿਲਾ ਸਿਆਸੀ ਮਾਮਲਾ ਹੈ।ਉਸ ਨੇ ਇਹ ਵੀ ਦੁਹਰਾਇਆ ਕਿ ਅਦਾਲਤ ਵਲੋਂ ਇਸ ਮਾਮਲੇ ’ਚ ਉਸ ਦੇ ਵਿਰੁਧ ਜਾਂਚ ਦੇ ਹੁਕਮ ਦਿਤੇ ਜਾਣ ਤੋਂ ਬਾਅਦ ਵੀ ਉਹ ਅਸਤੀਫਾ ਨਹੀਂ ਦੇਵੇਗਾ ਕਿਉਂਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਤੌਰ ’ਤੇ ਕੇਸ ਲੜਨਗੇ।