
ਸਰਹੱਦੀ ਪਿੰਡ ਤੇਜ਼ਾ ਰਹੇਲਾ ਦੇ ਹਾਲਾਤ ਮਾੜੇ
ਚੰਡੀਗੜ੍ਹ: ਭਾਰਤ-ਪਾਕਿ ਨੂੰ ਵੱਖ ਹੋਇਆਂ ਭਾਵੇਂ 82 ਵਰ੍ਹੇ ਬੀਤ ਚੁੱਕੇ ਨੇ ਪਰ ਸਰਹੱਦ ਨੇੜਲੇ ਪਿੰਡਾਂ ਦੇ ਹਾਲਾਤ ਅਜੇ ਵੀ ਬਦ ਤੋਂ ਬਦਤਰ ਬਣੇ ਹੋਏ ਹਨ। ਅੱਜ ਵੀ ਇਨ੍ਹਾਂ ਪਿੰਡਾਂ ਦੇ ਲੋਕ ਸਹੂਲਤਾਂ ਦੀ ਘਾਟ ਕਾਰਨ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਅਤੇ ਸਰਕਾਰਾਂ ਨੂੰ ਕੋਸਦੇ ਹਨ। ਅਜਿਹਾ ਹੀ ਇਕ ਪਿੰਡ ਹੈ ਤੇਜ਼ਾ ਰਹੇਲਾ ਜੋ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਵਿਚ ਭਾਰਤ-ਪਾਕਿ ਸਰਹੱਦ ’ਤੇ ਜ਼ੀਰੋ ਲਾਈਨ ਦੇ ਵਸਿਆ ਹੋਇਆ ਹੈ। ਇਸ ਪਿੰਡ ਵਿਚ ਦੂਸ਼ਿਤ ਪਾਣੀ ਪਿੰਡ ਦੇ ਲੋਕਾਂ ਲਈ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।
polluted water
ਇੱਥੋਂ ਦਾ ਪਾਣੀ ਬਹੁਤ ਜ਼ਿਆਦਾ ਗੰਦਾ ਹੈ ਅਤੇ ਪਿੰਡ ਵਾਸੀ ਨਲਕਿਆਂ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਕੋਈ ਘਰ ਅਜਿਹਾ ਨਹੀਂ, ਜਿਸ ਘਰ ਵਿਚ ਕੋਈ ਪੋਲੀਓ ਤੋਂ ਪੀੜਤ ਮਰੀਜ਼ ਨਾ ਹੋਵੇ ਬਲਕਿ ਹਾਲਾਤ ਇਹ ਬਣ ਚੁੱਕੇ ਨੇ ਕਿ ਦਰਜਨ ਦੇ ਕਰੀਬ ਬੱਚੇ ਗੰਦਾ ਪਾਣੀ ਪੀਣ ਕਾਰਨ ਚੱਲਣ ਫਿਰਨ ਤੋਂ ਮੁਥਾਜ਼ ਹੋ ਚੁੱਕੇ ਹਨ। ਦਰਅਸਲ ਪੰਜਾਬ ਦੇ ਪੰਜ ਦਰਿਆਵਾਂ ਵਿਚ ਸ਼ਾਮਲ ਸਤਲੁਜ ਦਰਿਆ ਇਸ ਭਿਆਨਕ ਤਰਾਸਦੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਇਹ ਦਰਿਆ ਪਾਕਿਸਤਾਨ ਦੇ ਕੁੱਝ ਹਿੱਸੇ ਵਿਚ ਜਾਂਦਾ ਹੈ ਅਤੇ ਫਿਰ ਵਾਪਸ ਪੰਜਾਬ ਵਿਚ ਆ ਜਾਂਦਾ ਹੈ। ਪਰ ਜਦੋਂ ਇਹ ਪੰਜਾਬ ਵਿਚ ਵਾਪਸ ਆਉਂਦਾ ਹੈ ਤਾਂ ਪਾਕਿਸਤਾਨ ਸਥਿਤ ਚਮੜੇ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਇਸ ਦਰਿਆ ਦੇ ਪਾਣੀ ਵਿਚ ਮਿਲ ਜਾਂਦਾ ਹੈ ਅਤੇ ਇਹ ਦਰਿਆ ਇਸੇ ਪਿੰਡ ਦੇ ਨੇੜਿਓਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡਦਾ ਹੋਇਆ ਗੁਜ਼ਰਦਾ ਹੈ।
Poor Condition of Village
ਇੱਥੋਂ ਦੇ ਲੋਕ ਇਸ ਨੂੰ ਸਤਲੁਜ ਦਰਿਆ ਨਹੀਂ ਬਲਕਿ ਗੰਦਾ ਨਾਲਾ ਆਖਦੇ ਹਨ। ਇੱਥੋਂ ਦੇ ਲੋਕਾਂ ਵਿਚ ਸਰਕਾਰ ਪ੍ਰਤੀ ਕਾਫ਼ੀ ਰੋਸ ਪਾਇਆ ਜਾ ਰਿਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਲੀਡਰ ਵੋਟਾਂ ਲਈ ਤਾਂ ਉਨ੍ਹਾਂ ਕੋਲ ਪਹੁੰਚ ਜਾਂਦੇ ਨੇ ਪਰ ਉਨ੍ਹਾਂ ਦੀਆਂ ਪਰੇਸ਼ਾਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਲੋਕਾਂ ਦਾ ਕਹਿਣਾ ਹੈ ਕਿ ਕੁੱਝ ਬੱਚੇ ਜਨਮ ਦੇ ਸਮੇਂ ਠੀਕ ਠਾਕ ਸਨ ਪਰ ਜਿਵੇਂ ਹੀ ਉਹ ਵੱਡੇ ਹੁੰਦੇ ਨੇ ਤਾਂ ਉਹ ਪੋਲਿਓ ਵਰਗੀ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ।
Polluted water
ਪਿੰਡ ਦੇ ਸਰਪੰਚ ਜਗੀਰ ਸਿੰਘ ਨੇ ਸਰਕਾਰਾਂ ’ਤੇ ਅਪਣਾ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਨੇਤਾ ਲੋਕ ਵੋਟਾਂ ਲੈਣ ਲਈ ਤਾਂ ਆ ਜਾਂਦੇ ਨੇ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਕੋਈ ਨਹੀਂ ਹੱਲ ਕਰਦਾ। ਦੱਸ ਦਈਏ ਕਿ ਇਹ ਕੋਈ ਪਹਿਲਾ ਸਰਹੱਦੀ ਪਿੰਡ ਨਹੀਂ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੋਵੇ। ਅਜਿਹੇ ਹੋਰ ਵੀ ਬਹੁਤ ਸਾਰੇ ਪਿੰਡ ਨੇ ਜਿੱਥੋਂ ਦੇ ਲੋਕ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਦੇਖਣਾ ਹੋਵੇਗਾ ਕਿ ਇਨ੍ਹਾਂ ਲੋਕਾਂ ਦੀਆਂ ਵੋਟਾਂ ਲੈਣ ਵਾਲੇ ਨੇਤਾ ਕਦੋਂ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।