
ਕਰਤਾਰਪੁਰ ਲਾਂਘੇ ਤੋਂ ਬਾਅਦ ਜਿਥੇ ਕੁੱਝ ਸਿਆਸਤਦਾਨਾਂ ਵਲੋਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰੱਜ ਕੇ ਭੰਡੀ ਕੀਤੀ ਜਾ ਰਹੀ ਹੈ। ਉਥੇ ਹੀ ਆਮ ਲੋਕਾਂ...
ਚੰਡੀਗੜ੍ਹ (ਭਾਸ਼ਾ) : ਕਰਤਾਰਪੁਰ ਲਾਂਘੇ ਤੋਂ ਬਾਅਦ ਜਿਥੇ ਕੁੱਝ ਸਿਆਸਤਦਾਨਾਂ ਵਲੋਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰੱਜ ਕੇ ਭੰਡੀ ਕੀਤੀ ਜਾ ਰਹੀ ਹੈ। ਉਥੇ ਹੀ ਆਮ ਲੋਕਾਂ ਖ਼ਾਸਕਰ ਸਿੱਖ ਸੰਗਤ ਵਿਚ ਸਿੱਧੂ ਦਾ ਕੱਦ ਇਸ ਕਦਰ ਉੱਚਾ ਹੋ ਗਿਆ ਹੈ ਕਿ ਉਹ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਦੇ ਹੀਰੋ ਬਣ ਗਏ ਹਨ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘੇ ਸਬੰਧੀ ਨਿਭਾਈ ਭੂਮਿਕਾ ਨੂੰ ਲੈ ਕੇ ਨਵਜੋਤ ਸਿੱਧੂ ਨੂੰ ਫ਼ਖ਼ਰ-ਏ-ਕੌਮ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ।
Kartarpur Sahib
ਲੋਕਾਂ ਦਾ ਕਹਿਣੈ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਧੂ ਨੂੰ ਫ਼ਖ਼ਰ-ਏ-ਕੌਮ ਐਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਇਹ ਮੰਗ ਭਾਵੇਂ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹਾ ਨਹੀਂ ਹੋਣ ਦੇਵੇਗਾ, ਕਿਉਂਕਿ ਫ਼ਖ਼ਰ-ਏ-ਕੌਮ ਐਵਾਰਡ ਦਾ ਐਲਾਨ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾਂਦਾ ਹੈ, ਜਿਸ 'ਤੇ ਅਕਾਲੀ ਦਲ ਦਾ ਕਬਜ਼ਾ ਹੈ, ਕੁੱਝ ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਨਮਾਨ ਦਿਤਾ ਗਿਆ ਸੀ।
Navjot Singh Sidhu & Gopal Chawla
ਜੇਕਰ ਕਾਂਗਰਸ ਪਾਰਟੀ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਸ ਵਲੋਂ ਵੀ ਅਜਿਹਾ ਕੁੱਝ ਕੀਤੇ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਹਨ। ਪੰਜਾਬ ਭਾਜਪਾ ਪ੍ਰਧਾਨ ਤਾਂ ਪਹਿਲਾਂ ਹੀ ਸਿੱਧੂ ਦੀ ਪਾਕਿਸਤਾਨ ਫੇਰੀ ਨੂੰ ਨਿਸ਼ਾਨੇ 'ਤੇ ਲੈ ਚੁੱਕੇ ਹਨ। ਉਨ੍ਹਾਂ ਨੇ ਤਾਂ ਸਿੱਧੂ ਦੇ ਪਾਕਿਸਤਾਨ ਨਾਲ ਵਧ ਰਹੇ ਸਬੰਧਾਂ ਦੀ ਜਾਂਚ ਕਰਵਾਉਣ ਦੀ ਗੱਲ ਤਕ ਵੀ ਆਖ ਦਿਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਰਤਾਪੁਰ ਲਾਂਘੇ ਨੂੰ ਲੈ ਕੇ ਨਵਜੋਤ ਸਿੱਧੂ ਵਲੋਂ ਨਿਭਾਈ ਭੂਮਿਕਾ ਵਾਕਈ ਕਾਬਲੇ ਤਾਰੀਫ਼ ਹੈ, ਜਿਸ ਨੂੰ ਲੈ ਕੇ ਹੀ ਸਿੱਖਾਂ ਵਲੋਂ ਸਿੱਧੂ ਲਈ ਇਹ ਮੰਗ ਕੀਤੀ ਜਾ ਰਹੀ ਹੈ, ਪਰ ਦੇਖਣਾ ਹੋਵੇਗਾ ਕਿ ਲੋਕਾਂ ਦੀ ਮੰਗ ਕਿੰਨੇ ਕੁ ਸਿਰੇ ਚੜ੍ਹਦੀ ਹੈ?