
ਪੁਲਿਸ ਨੂੰ ਚਕਮਾ ਦੇ ਕੇ ਹੋਇਆ ਸੀ ਫਰਾਰ
ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਨੂੰ ਅੱਜ ਵੱਡੀ ਸਫ਼ਲਤਾ ਮਿਲੀ। ਸੀ. ਆਈ. ਏ. ਸਟਾਫ਼ ਗੁਰਦਾਸਪੁਰ ਅਤੇ ਸਿਟੀ ਪੁਲਿਸ ਗੁਰਦਾਸਪੁਰ ਨੇ ਸਾਂਝਾ ਆਪਰੇਸ਼ਨ ਚਲਾ ਕੇ ਇਕ ਖ਼ਤਰਨਾਕ ਅੱਤਵਾਦੀ, ਗੈਂਗਸਟਰ ਅਤੇ 10 ਤੋਂ ਜ਼ਿਆਦਾ ਕੇਸਾਂ ’ਚ ਭਗੌੜੇ ਦੋਸ਼ੀ ਅਸ਼ੀਸ਼ ਮਸੀਹ ਪੁੱਤਰ ਜੋਬਨ ਮਸੀਹ ਵਾਸੀ ਗੋਤ ਪੋਕਰ ਨੂੰ ਗ੍ਰਿਫ਼ਤਾਰ ਕਰ ਲਿਆ।
ਉਸ ਕੋਲੋਂ ਚੋਰੀ ਦੀ ਐਕਟਿਵਾ, ਇਕ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਦੋਸ਼ੀ ਉਸ ਸਮੇਂ 3-9-2022 ਨੂੰ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਹਸਪਤਾਲ ਤੋਂ ਫ਼ਰਾਰ ਹੋ ਗਿਆ ਸੀ, ਜਦੋਂ ਪੁਲਿਸ ਮੁਲਾਜ਼ਮ ਉਸ ਨੂੰ ਇਲਾਜ ਲਈ ਗੁਰਦਾਸਪੁਰ ਜੇਲ੍ਹ ਤੋਂ ਅੰਮ੍ਰਿਤਸਰ ਹਸਪਤਾਲ ਲੈ ਕੇ ਗਈ ਸੀ।
ਜਾਣਕਾਰੀ ਅਨੁਸਾਰ ਅਸ਼ੀਸ਼ ਮਸੀਹ ਕੋਲੋਂ 20 ਜਨਵਰੀ 2022 ਨੂੰ 3 ਕਿਲੋ ਆਰ.ਡੀ. ਐਕਸ ਨਾਲ ਦੀਨਾਨਗਰ ਤੋਂ ਗ੍ਰਿਫਤਾਰ ਕੀਤਾ ਸੀ। ਦੋਸ਼ੀ ਅਸ਼ੀਸ਼ ਮਸੀਹ ਦੇ ਪਿਤਾ ਜੋਬਨ ਮਸੀਹ ਦੇ ਖ਼ਿਲਾਫ਼ 29 ਪੁਲਿਸ ਕੇਸ ਸਨ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਕੀਤਾ ਹੋਇਆ ਸੀ। ਉਸ ਨੂੰ ਵੀ ਦਿੱਲੀ ਤੋਂ ਸੀ. ਆਈ. ਏ. ਸਟਾਫ਼ ਗੁਰਦਾਸਪੁਰ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਸੀ। ਹੁਣ ਦੋਸ਼ੀ ਅਸ਼ੀਸ਼ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ