ਮੁਹਾਲੀ ਤੋਂ 90 ਕਿਲੋਮੀਟਰ ਦੂਰ ਨਾਭਾ ਵਿੱਚ ਐਸ.ਡੀ.ਐਮ ਪਦ 'ਤੇ ਕੀਤਾ ਗਿਆ ਤਾਇਨਾਤ
ਮੁਹਾਲੀ : ਮੁਹਾਲੀ ਸ਼ਹਿਰ 'ਚ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਇਕ ਅਧਿਕਾਰੀ ਨੂੰ ਮਹਿੰਗੀ ਪੈ ਗਈ। ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਪੀਸੀਐਸ ਅਧਿਕਾਰੀ ਦਮਨਦੀਪ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਹਨਾਂ ਨੂੰ ਮੁਹਾਲੀ ਤੋਂ 90 ਕਿਲੋਮੀਟਰ ਦੂਰ ਨਾਭਾ ਵਿੱਚ ਐਸ.ਡੀ.ਐਮ ਪਦ 'ਤੇ ਤਾਇਨਾਤ ਕੀਤਾ ਗਿਆ ਹੈ।
ਪੀਸੀਐਸ ਦਮਨਦੀਪ ਕੌਰ ਅਜਿਹੀ ਅਧਿਕਾਰੀ ਹੈ, ਜਿਸ ਨੇ 15 ਦਿਨਾਂ ਵਿੱਚ ਮੁਹਾਲੀ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਵਾਇਆ ਸੀ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਜਿੱਥੇ ਸ਼ਾਮ ਨੂੰ 300 ਤੋਂ 350 ਰੇਹੜੀ-ਫੜੀ ਵਾਲਿਆਂ ਦੀ ਆਮਦ ਦੇਖਣ ਨੂੰ ਮਿਲਦੀ ਸੀ ਉੱਥੇ 15 ਦਿਨਾਂ ਤੋਂ ਇੱਕ ਵੀ ਰੇਹੜੀ ਨਹੀਂ ਲੱਗਣ ਦਿੱਤੀ ਗਈ।
ਮੁਲਾਜ਼ਮ ਨੂੰ ਆਪਣੀ ਡਿਊਟੀ ਕਰਨ ਦਾ ਇਨਾਮ ਤਬਾਦਲੇ ਦੇ ਰੂਪ ਵਿਚ ਕਿਉਂ ਮਿਲਿਆ? ਪੀਸੀਐਸ ਅਧਿਕਾਰੀ ਦਮਨਦੀਪ ਕੌਰ ਦੀ ਬਦਲੀ ਦਾ ਵਪਾਰ ਮੰਡਲ ਅਤੇ ਬਾਜ਼ਾਰਾਂ ਦੇ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਨਾਜਾਇਜ਼ ਕਬਜ਼ਿਆਂ ਤੋਂ ਸਾਲ ਵਿੱਚ 4 ਤੋਂ 5 ਕਰੋੜ ਦੀ ਵਸੂਲੀ ਕਰਦੇ ਹਨ।
ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਅਤੇ ਫੇਜ਼-7 ਮਾਰਕੀਟ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਾਜਾਇਜ਼ ਕਬਜ਼ਿਆਂ ਤੋਂ ਹਰ ਸਾਲ 4 ਤੋਂ 5 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਂਦੀ ਹੈ ਪਰ ਪੀਸੀਐਸ ਦਮਨਦੀਪ ਕੌਰ ਨੇ ਉਹਨਾਂ ਦਾ ਕਰੋੜਾਂ ਦਾ ਗਠਜੋੜ ਤੋੜ ਦਿੱਤਾ। ਕੌਂਸਲਰਾਂ ਨੇ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਸੀ ਕਿ ਅਧਿਕਾਰੀ ਰੇਹੜੀ ਵਾਲਿਆਂ ਤੋਂ ਪੈਸੇ ਲੈ ਕੇ ਕਬਜ਼ਾ ਕਰਵਾ ਲੈਂਦੇ ਹਨ। ਜਿਸ ਕਾਰਨ ਕੌਂਸਲਰਾਂ ਵੱਲੋਂ ਉਨ੍ਹਾਂ ਦੇ ਦੋਸ਼ਾਂ ’ਤੇ ਵੀ ਮੋਹਰ ਲਾਈ ਗਈ।
ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ
ਸ਼ਹਿਰ ਦਾ ਮੁੱਖ ਬਾਜ਼ਾਰ ਫੇਜ਼-7 ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ਿਆਂ ਨਾਲ ਭਰਿਆ ਪਿਆ ਸੀ। ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਪਰ ਪੀਪੀਐਸ ਦਮਨਦੀਪ ਕੌਰ ਨੇ ਸਿਰਫ਼ 15 ਦਿਨਾਂ ਵਿੱਚ ਸ਼ਹਿਰ ਦੇ ਸਾਰੇ ਬਾਜ਼ਾਰਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਦਿੱਤਾ। ਹਾਲਤ ਇਹ ਸੀ ਕਿ ਰੇਹੜੀ ਵਾਲਿਆਂ 'ਚ ਹਿੰਮਤ ਨਹੀਂ ਸੀ ਕਿ ਉਹ ਮਾਰਕਿਟ 'ਚ ਰੇਹੜੀ ਲਗਾ ਲੈਣ ਕਿਉਂਕਿ ਮੁਲਾਜ਼ਮ ਪੀ.ਸੀ.ਐਸ ਅਧਿਕਾਰੀ ਵੱਲੋਂ ਮੇਨ ਬਜ਼ਾਰਾਂ ਵਿੱਚ ਪੱਕੇ ਤੌਰ ’ਤੇ ਨਿਗਮ ਕਰਮਚਾਰੀ ਬਿਠਾ ਦਿੱਤੇ ਗਏ ਸਨ ਤਾਂ ਜੋ ਕੋਈ ਵੀ ਰੇਹੜੀ ਲਗਾਉਣ ਆਏ ਤਾਂ ਉਸ 'ਤੇ ਕਾਰਵਾਈ ਕੀਤੀ ਜਾ ਸਕੇ।